Ludhiana News: ਸਥਾਨਕ ਗੁਰੂ ਨਾਨਕ ਦੇਵ ਇੰਜਨੀਰਿੰਗ ਕਾਲਜ ਵਿਖੇ ਕਾਲਜ ਦੇ ਸਾਬਕਾ ਵਿਦਿਆਰਥੀ ਤੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਸਮਰਪਿਤ 16 ਤੇ 17 ਮਾਰਚ ਨੂੰ ਦੋ ਰੋਜ਼ਾ ਸੱਭਿਆਚਾਰਕ ਮੇਲਾ ‘ਅਨੰਦ ਉਤਸਵ-2023’ ਕਰਵਾਇਆ ਜਾ ਰਿਹਾ ਹੈ। ਮੇਲੇ ਦੇ ਪਹਿਲੇ ਦਿਨ 16 ਮਾਰਚ ਨੂੰ ਸੱਭਿਆਚਾਰਕ ਪੇਸ਼ਕਾਰੀਆਂ ਨੇ ਸਾਰਾ ਮੇਲਾ ਲੁੱਟ ਲਿਆ। ਇਨ੍ਹਾਂ ਪੇਸ਼ਕਾਰੀਆਂ ਵਿੱਚ ਕਾਲਜ ਦੇ ਵਿਦਿਆਰਥੀਆਂ ਤੋਂ ਇਲਾਵਾ ਕੁਝ ਹੋਰ ਕਾਲਜਾਂ ਦੇ ਵਿਦਿਆਰਥੀਆਂ ਨੇ ਵੀ ਸ਼ਿਰਕਤ ਕੀਤੀ।


ਇਹ ਵੀ ਪੜ੍ਹੋ: ਮੌਤ ਵਾਲੇ ਦਿਨ ਕੀ ਕਰ ਰਿਹਾ ਸੀ ਅਮਰ ਸਿੰਘ ਚਮਕੀਲਾ, ਅਮਰਜੋਤ ਦੀ ਕਰੀਬੀ ਨੇ ਖੋਲੇ ਸਾਰੇ ਭੇਤ, ਦੇਖੋ ਵੀਡੀਓ


ਮੇਲੇ ਦੇ ਪਹਿਲੇ ਦਿਨ ਵੈਸਟਰਨ ਸੋਲੋ, ਸਕਿੱਟ, ਸੋਲੋ ਲੋਕ ਗੀਤ, ਸੋਲੋ ਲਾਈਵ ਬੈਂਡ ਦੀ ਪੇਸ਼ਕਾਰੀਆਂ ਹੋਈਆਂ। ਟੈਕਨੀਕਲ ਇਵੈਂਟਸ ਵਿੱਚ ਬ੍ਰਿਜ ਮਾਡਲਿੰਗ, ਸ਼ਾਰਪ ਸੈਫ ਆਦਿ ਗਤੀਵਿਧੀਆਂ ਕਰਵਾਈਆਂ। ਸਮਾਗਮ ਵਿੱਚ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਬਲਕੌਰ ਸਿੰਘ ਸਿੱਧੂ ਤੇ ਚਰਨ ਕੌਰ ਨੇ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। 


ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹਮੇਸ਼ਾਂ ਸਚਾਈ ਦਾ ਸਾਥ ਦੇਣ ਤੇ ਆਪਣੇ ਸੱਭਿਆਚਾਰ ਦੀ ਇੱਜ਼ਤ ਕਰਨ ਦਾ ਸੁਨੇਹਾ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਕਾਲਜ ਦੌਰਾਨ ਬਿਤਾਏ ਦਿਨਾਂ ਨੂੰ ਯਾਦ ਕੀਤਾ ਤੇ ਕਿਹਾ ਕਿ ਸਿੱਧੂ ਭਾਵੇਂ ਜ਼ਿੰਦਗੀ ਵਿੱਚ ਜਿੰਨੀਆਂ ਮਰਜ਼ੀ ਬੁਲੰਦੀਆਂ ਉੱਤੇ ਪਹੁੰਚ ਗਿਆ ਸੀ ਪਰ ਕਾਲਜ ਵਰਗੀ ਪਵਿੱਤਰ ਜਗ੍ਹਾ ਨੂੰ ਕਦੀ ਵੀ ਭੁੱਲਿਆ ਨਹੀਂ ਸੀ।


ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ, ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਦੇ ਟਰੱਸਟੀ ਤੇ ਐਸਜੀਪੀਸੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ, ਟਰੱਸਟ ਦੇ ਡਾਇਰੈਕਟਰ ਇੰਦਰਪਾਲ ਸਿੰਘ ਨੇ ਸਿੱਧੂ ਮੂਸੇਵਾਲ ਦੇ ਮਾਪਿਆਂ ਨੂੰ ਸਨਮਾਨਿਤ ਕੀਤਾ। ਸਮਾਗਮ ਦੌਰਾਨ ਸ਼ੁਭਦੀਪ ਵੱਲੋਂ ਬੀਟੈੱਕ ਦੌਰਾਨ ਤਿਆਰ ਕੀਤਾ ਪ੍ਰਾਜੈਕਟ ਵੀ ਸਿੱਧੂ ਦੇ ਮਾਪਿਆਂ ਨੂੰ ਯਾਦ ਦੇ ਤੌਰ ਉੱਤੇ ਭੇਂਟ ਕੀਤਾ ਗਿਆ।


ਕਾਲਜ ਦੇ ਪ੍ਰਿੰਸੀਪਲ ਡਾ. ਸਹਿਜਪਾਲ ਸਿੰਘ ਨੇ ਦੱਸਿਆ ਕਿ ਸਿੱਧੂ ਇੱਕ ਹੋਣਹਾਰ ਤੇ ਮਿਹਨਤੀ ਵਿਦਿਆਰਥੀ ਸੀ। ਉਹ ਪੜ੍ਹਾਈ ਦੇ ਨਾਲ ਨਾਲ ਕਲਚਰਲ ਤੇ ਖੇਡਾਂ ਵਿੱਚ ਵੀ ਖੁੱਲ੍ਹ ਕੇ ਹਿੱਸਾ ਲੈਂਦਾ ਸੀ। ਸਮਾਗਮ ਦਾ ਸੰਚਾਲਨ ਡਾ. ਕੇਐਸ ਮਾਨ, ਡਾ. ਅਰਵਿੰਦਰ ਢੀਂਗਰਾ, ਪ੍ਰੋ. ਜਸਵੰਤ ਸਿੰਘ ਟੌਰ ਤੇ ਸਮੂਹ ਕਲਚਰਲ ਕਮੇਟੀ ਨਾਲ ਜੁੜੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਕੀਤਾ।


ਇਹ ਵੀ ਪੜ੍ਹੋ: ਲੌਕਡਾਊਨ ਦੇ ਹਾਲਾਤ 'ਤੇ ਬਣੀ 'ਭੀੜ' ਵਿਵਾਦਾਂ 'ਚ, ਯੂਟਿਊਬ ਤੋਂ ਹਟਾਇਆ ਗਿਆ ਫਿਲਮ ਦਾ ਟਰੇਲਰ