Jalandhar by Election: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨੇ ਆਮ ਆਦਮੀ ਪਾਰਟੀ ਉੱਪਰ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਜੀ, ਪਹਿਲਾਂ ਤੁਸੀਂ ਕਹਿੰਦੇ ਸੀ ਕਿ ਇੱਕ ਮੌਕਾ ਦਿਓ, ਫਿਰ ਵੋਟਾਂ ਨਹੀਂ ਮੰਗਾਂਗੇ। ਕੰਮ ਕਰਾਂਗੇ ਫੇਰ ਤੁਹਾਡੇ ਕੋਲੋਂ ਵੋਟਾਂ ਮੰਗਣ ਨਹੀਂ ਆਵਾਂਗੇ।


ਰਾਜਾ ਵੜਿੰਗ ਨੇ ਜਲੰਧਰ ਜ਼ਿਮਨੀ ਚੋਣ ਦਾ ਹਵਾਲਾ ਦਿੰਦੇ ਕਿਹਾ ਕਿ ਪਰ ਇੱਥੇ ਦੋ ਮੁੱਖ ਮੰਤਰੀ, ਪੰਜਾਬ ਦੇ ਸਾਰੇ ਮੰਤਰੀ ਤੇ 92 ਵਿਧਾਇਕ ਗਲੀਆਂ 'ਚ ਘੁੰਮ ਰਹੇ ਹਨ। ਇਹ ਇਸ ਗੱਲ ਦਾ ਸਬੂਤ ਹੈ ਕਿ ਤੁਹਾਡੀ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ ਜਿਸ ਕਾਰਨ ਤੁਸੀਂ ਦਿੱਲੀ ਤੋਂ ਚੱਲ ਕੇ ਗਿੜ-ਗੜਾਉਣ ਆਏ ਹੋ।


ਇਸ ਦੇ ਨਾਲ ਹੀ ਰਾਜਾ ਵੜਿੰਗ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਮਿਲਣ ਆਏ ਲੋਕਾਂ ਨੂੰ ਪੁਲਿਸ ਵੱਲੋਂ ਧਮਕੀਆਂ ਦੇਣ ਦੇ ਇਲਜ਼ਾਮ ਲਾਏ ਹਨ। ਉਨ੍ਹਾਂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਜਲੰਧਰ ਜ਼ਿਮਨੀ ਚੋਣ ਵਿੱਚ ਆਪਣੀ ਹਾਰ ਤੋਂ ਇੰਨਾ ਘਬਰਾ ਗਈ ਹੈ ਕਿ ਪੁਲਿਸ ਤੋਂ ਧਮਕੀਆਂ ਦਵਾ ਰਹੀ ਹੈ। 


ਰਾਜਾ ਵੜਿੰਗ ਨੇ ਟਵੀਟ ਕਰਦਿਆਂ ਲਿਖਿਆ ਹੈ ਸ਼ਰਮਨਾਕ! ਆਮ ਆਦਮੀ ਪਾਰਟੀ ਆਪਣੀ ਹਾਰ ਤੋਂ ਇੰਨਾ ਜਿਆਦਾ ਘਬਰਾ ਗਈ ਹੈ ਕਿ ਪੁਲਿਸ ਪ੍ਰਸ਼ਾਸਨ ਕੋਲੋਂ ਬਲਕੌਰ ਸਿੰਘ ਜੀ ਨੂੰ ਮਿਲਣ ਲਈ ਆਏ ਲੋਕਾਂ ਨੂੰ ਧਮਕੀਆਂ ਦਿਵਾ ਰਹੀ ਹੈ। ਜਲੰਧਰ ਦੇ ਲੋਕ ਇਸ ਤਾਨਾਸ਼ਾਹੀ ਵਤੀਰੇ ਦਾ ਬਦਲਾ ਜ਼ਰੂਰ ਲੈਣਗੇ। ਸਭ ਯਾਦ ਰੱਖਿਆ ਜਾਏਗਾ।


ਜਲੰਧਰ ਵਾਸੀ ‘ਆਪ’ ਨੂੰ ਇਕਤਰਫਾ ਜਿੱਤ ਦੇ ਕੇ ਇਤਿਹਾਸ ਸਿਰਜਣਗੇ: ਸੀਐਮ ਭਗਵੰਤ ਮਾਨ
ਸੀਐਮ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਇਸ ਵਾਰ ਜਲੰਧਰ ਵਾਸੀ ‘ਆਪ’ ਨੂੰ ਇਕਤਰਫਾ ਜਿੱਤ ਦੇ ਕੇ ਇਤਿਹਾਸ ਸਿਰਜਣਗੇ। ਸੀਐਮ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਜਲੰਧਰ ਜ਼ਿਮਨੀ ਚੋਣ ਲਈ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਸ਼ਹਿਰ ਦੇ ਵੱਖ-ਵੱਖ ਹਲਕਿਆਂ (ਉੱਤਰੀ, ਪੱਛਮੀ, ਸੈਂਟਰਲ ਤੇ ਕੈਂਟ) 'ਚ ਚੋਣ ਪ੍ਰਚਾਰ ਕੀਤਾ...ਪਿਛਲੇ ਕਈ ਦਿਨਾਂ ਤੋਂ ਲਗਾਤਾਰ ਜਲੰਧਰ ਦੇ ਲੋਕਾਂ ਦਾ ਪਿਆਰ ਮਿਲ ਰਿਹਾ ਹੈ ਤੇ ਮੈਨੂੰ ਉਮੀਦ ਹੈ ਕਿ ਇਸ ਵਾਰ ਜਲੰਧਰ ਵਾਸੀ ‘ਆਪ’ ਨੂੰ ਇਕਤਰਫਾ ਜਿੱਤ ਦੇਕੇ ਇਤਿਹਾਸ ਸਿਰਜਣਗੇ...।