Jalandhar News: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਲਗਾਤਾਰ ਦੂਜੇ ਦਿਨ ਪੰਜਾਬ ਦੌਰੇ 'ਤੇ ਹੋਣਗੇ। ਉਹ ਸਭ ਤੋਂ ਪਹਿਲਾਂ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਬੀਜੇਪੀ ਉਮੀਦਵਾਰ ਦਿਨੇਸ਼ ਬੱਬੂ ਦੇ ਹੱਕ ਵਿੱਚ ਸ਼ਾਮ 4:30 ਵਜੇ ਬਟਾਲਾ ਵਿੱਚ ਰੈਲੀ ਕਰਨਗੇ। ਇਸ ਤੋਂ ਬਾਅਦ ਸ਼ਾਮ 5.30 ਵਜੇ ਜਲੰਧਰ ਤੋਂ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਵਿੱਚ ਰੈਲੀ ਕਰਨਗੇ।
ਹੈਲੀਕਾਪਟਰ ਰਾਹੀਂ ਜਲੰਧਰ ਪਹੁੰਚਣਗੇ ਪੀਐਮ ਮੋਦੀ
ਪੀਐਮ ਮੋਦੀ ਬਟਾਲਾ ਵਿੱਚ ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ ਹੈਲੀਕਾਪਟਰ ਰਾਹੀਂ ਜਲੰਧਰ ਦੇ ਪੀਏਪੀ ਗਰਾਊਂਡ ਵਿੱਚ ਪੁੱਜਣਗੇ। ਪੀਐਮ ਦੀ ਸੁਰੱਖਿਆ ਲਈ ਇੱਥੇ ਕਰੀਬ 4 ਹਜ਼ਾਰ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਪੂਰੇ ਸ਼ਹਿਰ ਨੂੰ ਨੋ ਫਲਾਇੰਗ ਜ਼ੋਨ ਐਲਾਨ ਦਿੱਤਾ ਗਿਆ ਹੈ। ਜ਼ਿਲ੍ਹੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇਹ ਸਭ ਕਿਸਾਨਾਂ ਵੱਲੋਂ ਪੀਐਮ ਮੋਦੀ ਦੇ ਕੀਤੇ ਜਾ ਰਹੇ ਵਿਰੋਧ ਕਰਕੇ ਕੀਤਾ ਜਾ ਰਿਹਾ ਹੈ।
ਜਲੰਧਰ 'ਚ ਕਰੀਬ 25 ਕਿਸਾਨ ਆਗੂਆਂ ਨੂੰ ਨਜ਼ਰਬੰਦ
ਉਧਰ, ਕਿਸਾਨਾਂ ਦੇ ਧਰਨੇ ਦੇ ਐਲਾਨ ਦੇ ਮੱਦੇਨਜ਼ਰ ਪੁਲਿਸ ਨੇ ਜਲੰਧਰ ਵਿੱਚ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਮਛਿਆਣਾ ਤੇ ਫਿਲੌਰ ਦੇ ਪਿੰਡ ਭਾਰ ਸਿੰਘ ਪੁਰਾ ਵਿੱਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਅਮਰੀਕ ਸਿੰਘ ਨੂੰ ਨਜ਼ਰਬੰਦ ਕਰ ਦਿੱਤਾ ਹੈ। ਪੁਲਿਸ ਸਵੇਰੇ ਹੀ ਦੋਵਾਂ ਆਗੂਆਂ ਦੇ ਘਰ ਪਹੁੰਚ ਗਈ ਸੀ। ਜਲੰਧਰ 'ਚ ਕਰੀਬ 25 ਕਿਸਾਨ ਆਗੂਆਂ ਨੂੰ ਨਜ਼ਰਬੰਦ ਕੀਤਾ ਗਿਆ ਹੈ।
ਪੀਐਮ ਮੋਦੀ ਹੈਲੀਕਾਪਟਰ ਰਾਹੀਂ ਗੁਰਦਾਸਪੁਰ ਪਹੁੰਚਣਗੇ
ਹਾਸਲ ਜਾਣਕਾਰੀ ਮੁਤਾਬਕ ਪੀਐਮ ਮੋਦੀ ਦੇ ਆਉਣ ਤੋਂ ਪਹਿਲਾਂ ਹੀ ਕਿਸਾਨਾਂ ਨੇ ਗੁਰਦਾਸਪੁਰ ਵਿੱਚ ਰੈਲੀ ਵਾਲੀ ਥਾਂ ਵੱਲ ਮਾਰਚ ਕਰਨਾ ਸ਼ੁਰੂ ਕਰ ਦਿੱਤਾ। ਪੁਲਿਸ ਵੱਲੋਂ ਉਨ੍ਹਾਂ ਨੂੰ ਰਸਤੇ ਵਿੱਚ ਰੋਕਿਆ ਜਾ ਰਿਹਾ ਹੈ। ਪੀਐਮ ਮੋਦੀ ਦੁਪਹਿਰ 3.30 ਵਜੇ ਹਿਮਾਚਲ ਦੇ ਸ਼ਹਿਰ ਮੰਡੀ 'ਚ ਚੋਣ ਮੀਟਿੰਗ ਤੋਂ ਬਾਅਦ ਹੈਲੀਕਾਪਟਰ ਰਾਹੀਂ ਗੁਰਦਾਸਪੁਰ ਪਹੁੰਚਣਗੇ।
ਸੀਮਾ ਸੁਰੱਖਿਆ ਬਲ ਤੇ ਪਠਾਨਕੋਟ ਦੇ ਏਅਰਬੇਸ ਅਲਰਟ 'ਤੇ
ਪੀਐਮ ਮੋਦੀ ਦੇ ਸਵਾਗਤ ਲਈ 6 ਏਕੜ ਵਿੱਚ ਪੰਡਾਲ ਸਜਾਇਆ ਗਿਆ ਹੈ। ਸਰਹੱਦੀ ਜ਼ਿਲ੍ਹਾ ਹੋਣ ਕਾਰਨ ਗੁਰਦਾਸਪੁਰ ਤੇ ਦੀਨਾਨਗਰ ਵਿੱਚ ਨੀਮ ਫ਼ੌਜੀ ਬਲਾਂ ਦੇ ਨਾਲ-ਨਾਲ ਸੀਮਾ ਸੁਰੱਖਿਆ ਬਲ ਤੇ ਪਠਾਨਕੋਟ ਦੇ ਏਅਰਬੇਸ ਨੂੰ ਅਲਰਟ 'ਤੇ ਰੱਖਿਆ ਗਿਆ ਹੈ ਤੇ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ।