Jalandhar News: ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਮੌਜੂਦਾ ਲੋਕ ਸਭਾ ਚੋਣਾਂ ਬਾਦਲ ਪਰਿਵਾਰ ਦੀ ਆਖਰੀ ਚੋਣ ਹੋਵੇਗੀ ਕਿਉਕਿ ਐਤਕੀਂ ਉਨ੍ਹਾਂ ਹੱਥੋਂ ਬਠਿੰਡਾ ਦੀ ਸੀਟ ਵੀ ਜਾਂਦੀ ਰਹੇਗੀ। ਸੁਖਬੀਰ ਬਾਦਲ ’ਤੇ ਨਿਸ਼ਾਨਾ ਸੇਧਦੇ ਹੋਏ ਮਾਨ ਨੇ ਕਿਹਾ ਕਿ ਬਾਦਲ ਦਾ ਅਜਿਹਾ ਹੋਟਲ ਹੈ ਜਿਸ ਦੇ ਹਰ ਕਮਰੇ ’ਚ ਸਵਿਮਿੰਗ ਪੂਲ ਹੈ। ਮਾਨ ਨੇ ਕਿਹਾ ਕਿ ਜਲਦ ਹੀ ਬਾਦਲ ਦੇ ਹੋਟਲ ਨੂੰ ਸਕੂਲ ’ਚ ਤਬਦੀਲ ਕੀਤਾ ਜਾਵੇਗਾ। ਹਾਰ ਦੇ ਡਰ ਕਾਰਨ ਬਾਦਲ ਪਰਿਵਾਰ ’ਚ ਲੜਾਈ ਸ਼ੁਰੂ ਹੋ ਗਈ ਹੈ। ਮਾਨ ਨੇ ਦਾਅਵਾ ਕੀਤਾ ਹੈ ਕਿ ਇਸ ਵਾਰ ਬਠਿੰਡਾ ਸੀਟ ਵੀ ਅਕਾਲੀ ਦਲ ਤੋਂ ਖੁੱਸ ਜਾਵੇਗੀ। 



ਮੁੱਖ ਮੰਤਰੀ ਨੇ ਕਿਹਾ ਕਿ ਅਤਿ ਦੀ ਗਰਮੀ ਦੇ ਬਾਵਜੂਦ ਇੰਨੇ ਲੋਕ ਇਕੱਠੇ ਹੋਏ, ਜਿਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਉਨ੍ਹਾਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਅੱਠ ਦਿਨਾਂ ਬਾਅਦ ‘ਆਪ’ ਨੇ ਫੈਸਲਾ ਕਰਨਾ ਹੈ ਕਿ ਦੇਸ਼ ਕਿੱਧਰ ਨੂੰ ਜਾਵੇਗਾ। ਸੀਐਮ ਮਾਨ ਨੇ ਵੀਰਵਾਰ ਨੂੰ ‘ਆਪ’ ਉਮੀਦਵਾਰ ਪਵਨ ਕੁਮਾਰ ਟੀਨੂੰ ਦੇ ਹੱਕ ਵਿੱਚ ਨਕੋਦਰ, ਆਦਮਪੁਰ, ਗੁਰਾਇਆ ਤੇ ਜਲੰਧਰ ਛਾਉਣੀ ਸਣੇ ਵੱਖ ਵੱਖ ਥਾਵਾਂ ’ਤੇ ਰੋਡ ਸ਼ੋਅ ਕੀਤਾ। 



ਮੁੱਖ ਮੰਤਰੀ ਮਾਨ ਨੇ ਕਿਹਾ ਕਿ ਈਵੀਐਮਜ਼ ਵਿੱਚ ‘ਆਪ’ ਦਾ ਬਟਨ ਚੌਥੇ ਨੰਬਰ ’ਤੇ ਹੋਵੇਗਾ, ਪਰ ਉਹ ਪਹਿਲੇ ਨੰਬਰ ’ਤੇ ਆਉਣਗੇ। ਮਾਨ ਨੇ ਕਿਹਾ ਕਿ ਜਿੱਤ ਤੋਂ ਬਾਅਦ ਟੀਨੂੰ ਦੇ ਨਾਲ-ਨਾਲ ਉਨ੍ਹਾਂ ਦੀ ਜ਼ਿੰਮੇਵਾਰੀ ਵੀ ਸ਼ੁਰੂ ਹੋਵੇਗੀ। 4 ਜੂਨ ਨੂੰ ਜਿੱਤ ਦਰਜ ਕਰਕੇ ਸਾਰਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਦਿੱਲੀ ਵਿੱਚ ਟੀਨੂੰ ਵਰਗੇ ਆਗੂ ਗੂੰਜਣਗੇ ਤਾਂ ਪੰਜਾਬ ਦਾ ਭਲਾ ਹੋਵੇਗਾ। 


ਸੀਐਮ ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਵਰਗੇ ਲੀਡਰ ਆਪਣੀਆਂ ਗੱਡੀਆਂ ’ਤੇ ਛਤਰੀਆਂ ਲਵਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਲੋਕਾਂ ਦੇ ਬਿੱਲ ਜ਼ੀਰੋ ਕਰ ਦਿੱਤੇ ਹਨ, ਉਸੇ ਤਰ੍ਹਾਂ ਵਿਰੋਧੀ ਧਿਰ ਦੀਆਂ ਸੀਟਾਂ ਵੀ ਘਟਾ ਕੇ ਜ਼ੀਰੋ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਜੇ ਮੁੜ ਸੱਤਾ ’ਚ ਆਉਂਦੀ ਹੈ ਤਾਂ ਉਹ ਸੰਵਿਧਾਨ ਨੂੰ ਬਦਲ ਦੇਣਗੇ। 


ਨਕੋਦਰ ਤੇ ਜਲੰਧਰ ਛਾਉਣੀ ਵਿੱਚ ਲੋਕਾਂ ਦਾ ਸਮਰਥਨ ਦੇਖ ਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ’ਚ ਲੋਕ ਬਦਲਾਅ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਟੀਨੂੰ ਗਰੀਬ ਪਰਿਵਾਰ ਦਾ ਮੈਂਬਰ ਹੈ ਤੇ ਉਸ ਨੇ ਗਰੀਬੀ ਦੇਖੀ ਹੈ। ਉਹ ਗਰੀਬੀ ਲਈ ਹੀ ਕਾਨੂੰਨ ਬਣਾਏਗਾ। ਮਾਨ ਨੇ ਕਿਹਾ ਕਿ ਜਲੰਧਰ ਦੇ ਦਿਹਾਤੀ ਖੇਤਰਾਂ ’ਚ ਜਿੱਤ ਤੋਂ ਬਾਅਦ ਵਿਕਾਸ ਦੀ ਸ਼ੁਰੂਆਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ। ਲੀਡਰਾਂ ਨੇ ਪਹਾੜਾਂ ਵਿੱਚ ਮਹਿਲ ਬਣਾਏ ਹੋਏ ਹਨ।