Surjit Hockey Tournament Jalandhar  - 40ਵਾਂ ਸੁਰਜੀਤ ਹਾਕੀ ਟੂਰਨਾਮੈਂਟ ਅੱਜ ਸੁਰਜੀਤ ਹਾਕੀ ਸਟੇਡੀਅਮ ਵਿਖੇ ਧੂਮ-ਧਾਮ ਨਾਲ ਸਮਾਪਤ ਹੋਇਆ ਅਤੇ ਇੰਡੀਅਨ ਆਇਲ ਮੁੰਬਈ ਅਤੇ ਕੈਗ ਦਿੱਲੀ ਦੀਆਂ ਟੀਮਾਂ ਵਿਚਾਲੇ ਖੇਡੇ ਗਏ ਫਾਈਨਲ ਮੈਚ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। 

 

ਇਹ ਚੈਂਪੀਅਨਸ਼ਿਪ 25 ਅਕਤੂਬਰ ਨੂੰ ਸ਼ੁਰੂ ਹੋਈ ਜਿਸ ਦੌਰਾਨ ਫਾਈਨਲ ਮੈਚ ਸਮੇਤ ਕੁੱਲ 19 ਮੈਚ ਪੰਜਾਬ ਐਂਡ ਸਿੰਧ ਬੈਂਕ ਦਿੱਲੀ, ਕੈਗ ਨਿਊ ਦਿੱਲੀ, ਇੰਡੀਅਨ ਰੇਲਵੇ ਦਿੱਲੀ, ਇੰਡੀਅਨ ਆਇਲ ਮੁੰਬਈ, ਇੰਡੀਅਨ ਨੇਵੀ ਮੁੰਬਈ, ਇੰਡੀਅਨ ਏਅਰ ਫੋਰਸ, ਬੀ.ਐਸ.ਐਫ. ਜਲੰਧਰ, ਪੰਜਾਬ ਪੁਲਿਸ, ਪੰਜਾਬ ਨੈਸ਼ਨਲ ਬੈਂਕ ਦਿੱਲੀ, ਐਫ.ਸੀ.ਆਈ. ਅਤੇ ਆਰਮੀ- ਇਲੈਵਨ ਦਿੱਲੀ ਵਿਚਕਾਰ ਖੇਡੇ ਗਏ। 

 

ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਰਾਜ ਅੰਦਰ ਖੇਡਾਂ ਨੂੰ ਵੱਡਾ ਹੁਲਾਰਾ ਦੇਣ ਲਈ ਵਚਨਬੱਧ ਹੈ। 

 

ਉਨ੍ਹਾਂ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਹਾਲ ਹੀ ਵਿੱਚ ਹੋਈਆਂ ਏਸ਼ੀਅਨ ਖੇਡਾਂ ਵਿੱਚ  ਪੰਜਾਬ ਦੇ ਖਿਡਾਰੀਆਂ ਵਲੋਂ 20 ਮੈਡਲ ਜਿੱਤੇ ਗਏ ਹਨ ਅਤੇ ਏਸ਼ੀਅਨ ਗੇਮਜ਼ ਵਿੱਚ ਸੋਨੇ ਦਾ ਮੈਡਲ ਜਿੱਤਣ ਵਾਲੀ ਟੀਮ ਵਿੱਚ ਪੰਜਾਬ ਦੇ 10 ਖਿਡਾਰੀ ਸ਼ਾਮਿਲ ਸਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਵੀਂ ਖੇਡ ਨੀਤੀ ਪਹਿਲਾਂ ਹੀ ਜਾਰੀ ਕਰ ਦਿੱਤੀ ਗਈ ਹੈ ਜੋ ਕਿ ਸੂਬੇ ਨੂੰ ਖੇਡਾਂ ਦੇ ਖੇਤਰ ਵਿੱਚ ਮੋਹਰੀ ਬਣਾਏਗੀ। 

 

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਪੰਜਾਬ ਨੂੰ ਖੇਡਾਂ ਦੇ ਖੇਤਰ ਵਿੱਚ ਮੋਹਰੀ ਸੂਬਾ ਬਣਾਉਣ ਲਈ ਅਣਥੱਕ ਤੇ ਸਾਰਥਕ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਦੇ ਖੇਤਰ ਵਿੱਚ ਆਪਣਾ ਹੁਨਰ ਦਿਖਾਉਣ ਲਈ ਵਧੀਆ ਮੰਚ ਪ੍ਰਦਾਨ ਕਰਨ ਲਈ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਗਈਆਂ ਹਨ। 

 

ਸੁਰਜੀਤ ਹਾਕੀ ਅਕੈਡਮੀ ਲਈ 20 ਲੱਖ ਰੁਪਏ ਦੀ ਗਰਾਂਟ ਦਾ ਐਲਾਨ ਕਰਦਿਆਂ ਚੀਮਾ ਵਲੋਂ ਹਾਕੀ ਦੇ ਖੇਤਰ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕਰਨ ਲਈ ਅਕੈਡਮੀ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ। ਉਨ੍ਹਾਂ ਨੇ ਅਕੈਡਮੀ ਨੂੰ ਸੂਬਾ ਸਰਕਾਰ ਵਲੋਂ ਰਾਸ਼ਟਰੀ ਖੇਡ ਹਾਕੀ ਨੂੰ ਹੋਰ ਉਤਸ਼ਾਹਿਤ ਕਰਨ ਲਈ ਹਰ ਸੰਭਵ ਸਹਿਯੋਗ ਤੇ ਮਦਦ ਦੇਣ ਦਾ ਭਰੋਸਾ ਵੀ ਦਿੱਤਾ ਗਿਆ। 

 

ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਵਲੋਂ ਵੀ ਸੁਰਜੀਤ ਹਾਕੀ ਅਕੈਡਮੀ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ  ਕਰਦਿਆਂ ਕਿਹਾ ਗਿਆ ਕਿ ਸਾਬਕਾ ਓਲੰਪੀਅਨ ਅਤੇ ਇੰਡੀਅਨ ਹਾਕੀ ਟੀਮ ਦੇ ਸਾਬਕਾ ਕਪਤਾਨ ਸੁਰਜੀਤ ਸਿੰਘ ਰੰਧਾਵਾ  ਜਿਨ੍ਹਾਂ ਦੀ ਜਲੰਧਰ ਵਿਖੇ 7 ਜਨਵਰੀ 1984 ਨੂੰ ਭਿਆਨਕ ਕਾਰ ਹਾਦਸੇ ਵਿੱਚ ਜਾਨ ਚਲੀ ਗਈ ਸੀ ਦੀ ਯਾਦ ਵਿੱਚ ਇਹ ਟੂਰਨਾਮੈਂਟ ਹਰ ਸਾਲ ਕਰਵਾਇਆ ਜਾਂਦਾ ਹੈ। ਉਨ੍ਹਾਂ ਵਲੋਂ ਐਮਪੀ ਲੈਡ ਫੰਡ ਵਿਚੋਂ ਸਟੇਡੀਅਮ ਨੂੰ 10 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ। 

 

ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ-ਕਮ-ਪ੍ਰ੍ਰਧਾਨ ਸੁਰਜੀਤ ਹਾਕੀ ਸੁਸਾਇਟੀ ਵਿਸ਼ੇਸ਼ ਸਾਰੰਗਲ ਅਤੇ ਹੋਰਨਾਂ ਵਲੋਂ ਮੁੱਖ ਮਹਿਮਾਨ ਤੇ ਹੋਰਨਾਂ ਸਖ਼ਸ਼ੀਅਤਾਂ ਦਾ ਟੂਰਨਾਮੈਂਟ ਵਿੱਚ ਆਉਣ ’ਤੇ ਸਵਾਗਤ ਕੀਤਾ ਗਿਆ। 

 

ਇਸ ਮੌਕੇ ਡੀ.ਜੀ.ਐਮ. ਇੰਡੀਅਨ ਆਇਲ ਰਾਜਨ ਬੇਰੀ, ਚੇਅਰਪਰਸਨ ਪੰਜਾ ਸਟੇਟ ਕੰਟੇਨਰ ਅਤੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਰਾਜਵਿੰਦਰ ਕੌਰ ਥਿਆੜਾ, ਚੇਅਰਮੈਨ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਮੰਗਲ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ। ਇਸ ਮੌਕੇ ਪ੍ਰਸਿੱਧ ਪੰਜਾਬੀ ਗਾਇਕ ਹਰਜੀਤ ਹਰਮਨ ਵਲੋਂ ਆਪਣੇ ਗੀਤਾਂ ਰਾਹੀਂ ਸਰੋਤਿਆਂ ਦਾ ਮਨੋਰੰਜਨ ਕੀਤਾ ਗਿਆ।