Jalandhar bypoll result: ਜਲੰਧਰ ਜ਼ਿਮਨੀ ਚੋਣ ਵਿੱਚ ਬੇਹੱਦ ਮਾੜਾ ਪ੍ਰਦਰਸ਼ਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਲਈ ਮੁਸਬੀਤ ਖੜ੍ਹੀ ਕਰ ਸਕਦਾ ਹੈ। ਬਸਪਾ ਨਾਲ ਗੱਠਜੋੜ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਨੂੰ ਮਹਿਜ਼ 17.85 ਫੀਸਦੀ ਵੋਟਾਂ ਪੈਣੀਆਂ ਅਕਾਲੀ ਦਲ ਅੰਦਰ ਮੁੜ ਬਗਾਵਤ ਦਾ ਮੁੱਢ ਬੰਨ੍ਹ ਸਕਦਾ ਹੈ। ਪਾਰਟੀ ਅੰਦਰ ਪਹਿਲਾਂ ਹੀ ਚਰਚਾ ਹੈ ਕਿ ਲੋਕਾਂ ਦਾ ਗੁੱਸਾ ਅਕਾਲੀ ਦਲ ਪ੍ਰਤੀ ਨਹੀਂ ਸਗੋਂ ਬਾਦਲ ਪਰਿਵਾਰ ਪ੍ਰਤੀ ਹੈ। ਇਸ ਲਈ ਪਾਰਟੀ ਦੀ ਕਮਾਨ ਬਾਦਲ ਪਰਿਵਾਰ ਦੀ ਬਜਾਏ ਕਿਸੇ ਹੋਰ ਲੀਡਰ ਨੂੰ ਸੌਂਪਣੀ ਚਾਹੀਦੀ ਹੈ।
ਅਹਿਮ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਚੋਣਾਂ ਤੋਂ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸੀ। ਇਸ ਮਗਰੋਂ ਇਹ ਚਰਚਾ ਹੋਣ ਲੱਗੀ ਸੀ ਕਿ ਸਿਆਸਤ ਦੇ ਬੋਹੜ ਮੰਨੇ ਜਾਂਦੇ ਵੱਡੇ ਬਾਦਲ ਦੀ ਰੁਖ਼ਸਤਗੀ ਪਾਰਟੀ ਨੂੰ ਹਮਦਰਦੀ ਦੁਆ ਸਕਦੀ ਹੈ ਪਰ ਨਤੀਜਿਆਂ ਤੋਂ ਸਪਸ਼ਟ ਹੁੰਦਾ ਹੈ ਕਿ ਇਸ ਚੋਣ ਵਿੱਚ ਵੱਡੇ ਬਾਦਲ ਦੇ ਦੇਹਾਂਤ ਤੋਂ ਬਾਅਦ ਪਾਰਟੀ ਨੂੰ ਹਮਦਰਦੀ ਦਾ ਵੋਟ ਹਾਸਲ ਨਹੀਂ ਹੋਇਆ।
ਇਸ ਦੇ ਨਾਲ ਹੀ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਬਹੁਤ ਸਾਰੇ ਟਕਸਾਲੀ ਅਕਾਲੀ ਲੀਡਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਰਕੇ ਹੀ ਸ਼ਾਂਤ ਬੈਠੇ ਸੀ। ਹੁਣ ਉਨ੍ਹਾਂ ਦੇ ਅਕਾਲ ਚਲਾਣੇ ਮਗਰੋਂ ਉਹ ਵੀ ਸੁਖਬੀਰ ਬਾਦਲ ਦੀ ਅਗਵਾਈ ਨੂੰ ਖੁੱਲ੍ਹ ਕੇ ਚੁਣੌਤੀ ਦੇ ਸਕਦੇ ਹਨ। ਯਾਦ ਰਹੇ ਸ਼੍ਰੋਮਣੀ ਅਕਾਲੀ ਦਲ ਅੰਦਰ ਬਗਾਵਤਾਂ ਦਾ ਅਮਲ 2017 ਦੀਆਂ ਚੋਣਾਂ ਹਾਰਨ ਤੋਂ ਬਾਅਦ ਸ਼ੁਰੂ ਹੋਇਆ ਸੀ ਜਦੋਂ ਸੁਖਦੇਵ ਸਿੰਘ ਢੀਂਡਸਾ, ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਤੇ ਡਾ. ਰਤਨ ਸਿੰਘ ਅਜਨਾਲਾ ਆਦਿ ਨੇ ਬਗਾਵਤ ਕੀਤੀ ਸੀ ਪਰ ਜਥੇਦਾਰ ਬ੍ਰਹਮਪੁਰਾ ਨੇ ਅਕਾਲੀ ਦਲ ਵਿੱਚ ਮੁੜ ਸ਼ਮੂਲੀਅਤ ਕਰ ਲਈ ਸੀ। ਸਾਲ 2022 ਦੀਆਂ ਚੋਣਾਂ ਤੋਂ ਬਾਅਦ ਇਹ ਸੰਕਟ ਹੋਰ ਵੀ ਵਧਣ ਲੱਗਿਆ ਸੀ ਤੇ ਜ਼ਮੀਨੀ ਪੱਧਰ ’ਤੇ ਵਰਕਰਾਂ ’ਚ ਨਿਰਾਸ਼ਾ ਹੀ ਨਹੀਂ ਸੀ ਸਗੋਂ ਲੀਡਰਸ਼ਿਪ ਖਿਲਾਫ਼ ਰੋਹ ਵੀ ਸੀ।
ਸ਼੍ਰੋਮਣੀ ਅਕਾਲੀ ਦਲ ਅੰਦਰ ਚੱਲ ਰਹੇ ਸੰਕਟ ਦੇ ਹੱਲ ਲਈ ਪਾਰਟੀ ਵੱਲੋਂ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਹੇਠ ਕਮੇਟੀ ਬਣਾ ਕੇ ਜ਼ਮੀਨੀ ਪੱਧਰ ਤੱਕ ਵਰਕਰਾਂ ਨਾਲ ਗੱਲਬਾਤ ਕਰਕੇ ਇੱਕ ਰਿਪੋਰਟ ਤਿਆਰ ਕੀਤੀ ਗਈ ਤਾਂ ਕਿ ਅਕਾਲੀ ਦਲ ਅੰਦਰ ਸੁਧਾਰ ਕੀਤਾ ਜਾ ਸਕੇ। ਦੇਖਿਆ ਜਾਵੇ ਤਾਂ ਝੂੰਦਾਂ ਦੀ ਅਗਵਾਈ ਹੇਠ ਬਣਾਈ ਕਮੇਟੀ ਦੀ ਰਿਪੋਰਟ ਤੋਂ ਬਾਅਦ ਪੈਦਾ ਹੋਏ ਹਾਲਾਤ ਨੇ ਤਾਂ ਸੰਕਟ ਨੂੰ ਡੂੰਘਾ ਕਰ ਦਿੱਤਾ ਹੈ।
ਇਸ ਕਮੇਟੀ ਦੀ ਰਿਪੋਰਟ ਵਿੱਚ ਸਪਸ਼ਟ ਤੌਰ ’ਤੇ ਅਕਾਲੀ ਦਲ ਦੇ ਵਰਕਰਾਂ ਨੇ ਪਾਰਟੀ ਦੀ ਲੀਡਰਸ਼ਿਪ ਖਾਸ ਕਰ ਬਾਦਲਾਂ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਨਿਸ਼ਾਨ ਲਾਇਆ ਸੀ। ਕਮੇਟੀ ਦੀ ਰਿਪੋਰਟ ਤੋਂ ਬਾਅਦ ਉਠ ਰਹੀਆਂ ਬਗਾਵਤੀ ਸੁਰਾਂ ਨੂੰ ਮੱਠੀਆਂ ਕਰਨ ਲਈ ਹੀ ਜਥੇਬੰਦਕ ਢਾਂਚੇ ਨੂੰ ਭੰਗ ਕਰਕੇ ਨਵੇਂ ਸਿਰਿਉਂ ਗਠਨ ਕੀਤਾ ਗਿਆ ਸੀ।