Akali Dal withdraws support: ਅਕਾਲੀ ਦਲ ਦੇ ਅੰਦਰ ਪੈਦਾ ਹੋਈ ਬਗਾਵਤ ਦਾ ਸੇਕ ਹੁਣ ਜਲੰਧਰ ਪੱਛਮੀ ਜ਼ਿਮਨੀ ਚੋਣ 'ਤੇ ਵੀ ਪੈ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਜਲੰਧਰ ਪੱਛਮੀ ਜ਼ਿਮਨੀ ਚੋਣ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਪਾਰਟੀ ਨੇ ਆਪਣੇ ਉਮੀਦਵਾਰ  ਸੁਰਜੀਤ ਕੌਰ ਤੋਂ ਹਮਾਇਤ ਵਾਪਸ ਲੈ ਲਈ ਹੈ।


ਇਹ ਫੈਸਲਾ ਇਸ ਲਈ ਲਿਆ ਗਿਆ ਕਿਉਂਕਿ ਸੁਰਜੀਤ ਕੌਰ ਨੂੰ ਉਮੀਦਵਾਰ ਬਣਾਉਣ ਦੀ ਸਿਫਾਰਿਸ਼ ਬੀਬੀ ਜਗੀਰ ਕੌਰ ਨੇ ਕੀਤੀ ਸੀ ਅਤੇ ਬੀਬੀ ਜਗੀਰ ਕੌਰ ਬਾਗੀ ਧੜੇ ਵਿੱਚ ਸ਼ਾਮਲ ਹੈ। ਹਲਾਂਕਿ ਅਕਾਲੀ ਦਲ ਨੇ ਆਪਣੇ ਉਮੀਦਵਾਰ ਤੋਂ ਹਿਮਾਇਤ ਹੀ ਵਾਪਸ ਲਈ ਹੈ ਪਰ ਫਿਰ ਵੀ ਸੁਰਜੀਤ ਕੌਰ ਅਕਾਲੀ ਦਲ ਦੇ ਚੋਣ ਨਿਸ਼ਾਨ ਤੱਕੜੀ 'ਤੇ ਹੀ ਚੋਣ ਲੜਨਗੇ। ਕਿਉਂਕਿ ਨਾਮਜ਼ਦਗੀਆਂ ਵਾਪਸ ਲੈਣ ਤਰੀਕ ਨਿਕਲ ਚੁੱਕੀ ਹੈ ਇਸ ਲਈ ਸੁਰਜੀਤ ਕੌਰ ਕੋਲ ਅਕਾਲੀ ਦਲ ਦਾ ਚੋਣ ਨਿਸ਼ਾਨ ਤਕੜੀ ਹੀ ਰਹੇਗਾ।


ਬਗਾਵਤ ਤੋਂ ਪਹਿਲਾਂ  ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੀਬੀ ਜਗੀਰ ਕੌਰ ਅਧੀਨ ਜਲੰਧਰ ਵੈਸਟ ਦੇ ਉਮੀਦਵਾਰ ਦਾ ਨਾਂ ਤੈਅ ਕਰਨ ਦੇ ਲਈ ਕਮੇਟੀ ਦਾ ਗਠਨ ਕੀਤਾ ਸੀ। ਇਸ ਵਿੱਚ ਗੁਰਪ੍ਰਤਾਪ ਵਡਾਲਾ ਅਤੇ ਮਹਿੰਦਰ ਕੇ.ਪੀ ਦਾ ਨਾਂ ਵੀ ਸ਼ਾਮਲ ਸੀ। 


ਬਾਗੀ ਧੜੇ ਦੇ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਦੱਸਿਆ ਕਿ ਜਲੰਧਰ ਦੇ ਲੋਕਨ ਯੂਨਿਟ ਨੇ ਰਿਟਰਨਿੰਗ ਅਫਸਰ ਕੋਲੋ ਸੁਰਜੀਤ ਕੌਰ ਦਾ ਨਾਂ ਵਾਪਸ ਲੈਣ ਦੀ ਅਰਜ਼ੀ ਪਾਈ ਸੀ ਪਰ ਉਹ ਮਨਜ਼ੂਰ ਨਹੀਂ ਹੋਈ। ਹੁਣ ਮੰਨਿਆ ਜਾ ਰਿਹਾ ਹੈ ਕਿ ਪਾਰਟੀ BSP ਦੇ ਉਮੀਦਵਾਰ ਨੂੰ ਆਪਣੀ ਹਮਾਇਤ ਦੇ ਸਕਦੀ ਹੈ। ਖਬਰਾਂ ਹਨ ਕਿ ਪਾਰਟੀ ਦੀ ਜਲੰਧਰ ਯੂਨਿਟ ਇਸ ਦਾ ਐਲਾਨ ਕਰ ਸਕਦੀ ਹੈ। 


ਅਕਾਲੀ ਦਲ ਨੇ ਸੁਰਜੀਤ ਕੌਰ ਤੋ ਹਮਾਇਤ ਵਾਪਸ ਲੈ ਕੇ ਇੱਕ ਤੀਰ ਨਾਲ ਤਿੰਨ ਨਿਸ਼ਾਨੇ ਲਗਾਏ ਹਨ। ਇੱਕ ਤਾਂ ਬਾਗ਼ੀ ਗੁੱਟ ਨੂੰ ਸੁਨੇਹਾ ਦਿੱਤਾ ਹੈ ਕਿ ਜੇਕਰ ਉਹ ਪਾਰਟੀ ਲਾਈਨ ਤੋਂ ਵੱਖ ਚੱਲਣਗੇ ਤਾਂ ਉਨ੍ਹਾਂ ਨੂੰ ਅੰਜਾਮ ਭੁਗਤਨਾ ਪੈ ਸਕਦਾ ਹੈ। ਦੂਜਾ ਜੇਕਰ ਪਾਰਟੀ ਦੀ ਇੱਕ ਵਾਰ ਮੁੜ ਤੋਂ ਜਲੰਧਰ ਵੈਸਟ ਜ਼ਿਮਨੀ ਸੀਟ 'ਤੇ ਹਾਰ ਹੁੰਦੀ ਤਾਂ ਉਸ ਦਾ ਜ਼ਿੰਮਾ ਵੀ ਸੁਖਬੀਰ ਸਿੰਘ ਬਾਦਲ 'ਤੇ ਹੀ ਆਉਂਦਾ, ਇਸ ਲਈ ਪਹਿਲਾਂ ਹੀ ਕਿਨਾਰਾ ਕਰ ਲਿਆ ਗਿਆ। ਤੀਸਰਾ  ਜੇਕਰ ਬੀਬੀ ਜਗੀਰ ਕੌਰ ਅਤੇ ਉਨ੍ਹਾਂ ਦੇ ਸਾਥੀ ਸੁਰਜੀਤ ਕੌਰ ਨੂੰ ਹਮਾਇਤ ਕਰਦੇ ਹਨ ਅਤੇ ਉਹ ਹਾਰ ਦੇ ਹਨ ਤਾਂ ਸੁਖਬੀਰ ਸਿੰਘ ਬਾਦਲ ਬਾਗ਼ੀ ਬੀਬੀ ਜਗੀਰ ਕੌਰ 'ਤੇ ਵੀ ਸਵਾਲ ਚੁੱਕ ਸਕਦੇ ਹਨ ।