Hoshiarpur News: ਰੇਲ ਗੱਡੀ ਰਾਹੀਂ ਡਿਊਟੀ 'ਤੇ ਜਾ ਰਹੇ ਫੌਜੀ ਜਵਾਨ ਨੂੰ ਪਿੰਡ ਟਾਂਡਾ ਨੇੜੇ ਸੋਮਵਾਰ ਦੇਰ ਰਾਤ ਕੁਝ ਲੁਟੇਰਿਆਂ ਨੇ ਸਾਮਾਨ ਲੁੱਟਣ ਤੋਂ ਬਾਅਦ ਚੱਲਦੀ ਟਰੇਨ 'ਚੋਂ ਹੇਠਾਂ ਸੁੱਟ ਦਿੱਤਾ। ਕਰੀਬ ਇੱਕ ਘੰਟੇ ਬਾਅਦ ਹੋਸ਼ ਆਉਣ 'ਤੇ ਜਵਾਨ ਕਿਸੇ ਤਰ੍ਹਾਂ ਨਜ਼ਦੀਕੀ ਗਊਸ਼ਾਲਾ 'ਚ ਪਹੁੰਚਿਆ ਤਾਂ ਉੱਥੇ ਕੰਮ ਕਰਦੇ ਮਜ਼ਦੂਰਾਂ ਨੇ ਜਵਾਨ ਨੂੰ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ। ਉਸ ਦੀ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਜਵਾਨ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਹੈ। ਭਾਰਤੀ ਫੌਜ ਦੇ ਜਵਾਨ ਦੀ ਪਛਾਣ ਸਚਿਨ ਪੁੱਤਰ ਦੇਵ ਸਵਰੂਪ (25) ਵਜੋਂ ਹੋਈ ਹੈ।

ਮਿਲੀ ਜਾਣਕਾਰੀ ਅਨੁਸਾਰ ਸਚਿਨ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਨਬਲ (ਪਛਾਦ) ਦਾ ਵਸਨੀਕ ਹੈ। ਉਹ ਇਕ ਮਹੀਨੇ ਦੀ ਛੁੱਟੀ ਕੱਟਣ ਤੋਂ ਬਾਅਦ ਜੰਮੂ ਡਿਊਟੀ 'ਤੇ ਪਰਤ ਰਿਹਾ ਸੀ। ਉਹ ਅੰਬਾਲਾ ਤੋਂ ਟਰੇਨ 'ਚ ਸਵਾਰ ਹੋਇਆ ਸੀ ਤੇ ਟਾਂਡਾ ਵਿਖੇ ਉਸ ਨਾਲ ਇਹ ਘਟਨਾ ਵਾਪਰੀ। ਜਿਵੇਂ ਹੀ ਸਚਿਨ ਟਾਂਡਾ ਹਸਪਤਾਲ ਪਹੁੰਚਿਆ ਤਾਂ ਹਸਪਤਾਲ ਦੇ ਡਾਕਟਰਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਇਸ ਦੌਰਾਨ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਚਿਨ ਤੋਂ ਉਸ ਦੀ ਯੂਨਿਟ ਤੇ ਘਰ ਦਾ ਨੰਬਰ ਲੈ ਕੇ ਉਨ੍ਹਾਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ।


ਇਹ ਵੀ ਪੜ੍ਹੋ : ਪੰਜਾਬ 'ਚ ਬਦਲਿਆ ਸਕੂਲਾਂ ਦਾ ਸਮਾਂ, ਅੱਜ ਤੋਂ ਸਵੇਰੇ 8.30 ਵਜੇ ਖੁੱਲ੍ਹਣਗੇ ਸਕੂਲ

ਸੂਚਨਾ ਮਿਲਦੇ ਹੀ ਪਰਿਵਾਰਕ ਮੈਂਬਰ ਵੀ ਹਸਪਤਾਲ 'ਚ ਪਹੁੰਚ ਗਏ। ਸਚਿਨ ਨੇ ਦੱਸਿਆ ਕਿ ਉਹ ਟਰੇਨ ਦੀ ਪਟੜੀ ਦੇ ਕੋਲ ਬੇਹੋਸ਼ ਪਿਆ ਸੀ। ਕੁਝ ਦੇਰ ਬਾਅਦ ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਹ ਕਿਸੇ ਤਰ੍ਹਾਂ ਨੇੜਲੇ ਗਊਸ਼ਾਲਾ 'ਤੇ ਪਹੁੰਚ ਗਿਆ। ਜਦੋਂ ਮੈਂ ਸਾਰੀ ਗੱਲ ਉਥੇ ਕੰਮ ਕਰਦੇ ਕੁਝ ਲੋਕਾਂ ਨੂੰ ਦੱਸੀ ਤਾਂ ਉਨ੍ਹਾਂ ਨੇ ਉਸ ਨੂੰ ਆਪਣੀ ਕਾਰ ਵਿਚ ਬਿਠਾ ਕੇ ਸਰਕਾਰੀ ਹਸਪਤਾਲ ਟਾਂਡਾ ਲੈ ਗਏ। ਇੱਥੋਂ ਉਸ ਨੂੰ ਹੁਸ਼ਿਆਰਪੁਰ ਲਿਜਾਇਆ ਗਿਆ ਹੈ। ਸਚਿਨ ਨੇ ਦੱਸਿਆ ਕਿ ਉਸ ਨੇ ਆਪਣੀ ਯੂਨਿਟ ਨੂੰ ਵੀ ਸੂਚਿਤ ਕਰ ਦਿੱਤਾ ਹੈ। ਉਸਦੀ ਸਰਕਾਰੀ ਵਰਦੀ ਤੇ ਹੋਰ ਸਾਮਾਨ ਲੁਟੇਰਿਆਂ ਕੋਲ ਹੈ।




ਜਦੋਂ ਉਹ ਉਨ੍ਹਾਂ ਨਾਲ ਲੜ ਰਿਹਾ ਸੀ, ਉਸੇ ਸਮੇਂ ਕਿਸੇ ਨੇ ਉਸ ਦੇ ਸਿਰ 'ਤੇ ਹਥਿਆਰ ਨਾਲ ਹਮਲਾ ਕਰ ਦਿੱਤਾ। ਜਦੋਂ ਉਹ ਗੁੰਮਸੁਮ ਹੋ ਗਿਆ ਤਾਂ ਮੁਲਜ਼ਮਾਂ ਵਿੱਚੋਂ ਇੱਕ ਨੇ ਉਸ ਦੀ ਜੇਬ ਵਿੱਚੋਂ ਪਰਸ ਕੱਢ ਕੇ ਉਸ ਵਿੱਚੋਂ ਸਾਰੇ ਪੈਸੇ ਕੱਢ ਲਏ ਅਤੇ ਪਰਸ ਉੱਥੇ ਹੀ ਸੁੱਟ ਦਿੱਤਾ ਅਤੇ ਜਵਾਨ ਨੂੰ ਰੇਲਗੱਡੀ ਵਿੱਚੋਂ ਬਾਹਰ ਸੁੱਟ ਦਿੱਤਾ। ਲੁਟੇਰਿਆਂ ਨੇ ਸਚਿਨ ਦਾ ਪਰਸ, ਵਰਦੀ, ਫੌਜ ਦਾ ਪਛਾਣ ਪੱਤਰ ਤੇ ਹੋਰ ਸਾਮਾਨ ਲੁੱਟ ਲਿਆ ਹੈ।