Vikas Kranti Rally Hoshiarpur: ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸੁਪਰੀਮੋ ਪੰਜਾਬ ਫੇਰੀ 'ਤੇ ਆ ਰਹੇ ਹਨ। ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਹੁਸ਼ਿਆਰਪੁਰ ਪਹੁੰਚ ਰਹੇ ਹਨ। ਜਿੱਥੇ ਇੱਕ ਵਿਸ਼ਾਲ ਰੈਲੀ ਰੱਖੀ ਗਈ ਹੈ। ਜਿਸ ਦਾ ਨਾਂ 'ਵਿਕਾਸ ਕ੍ਰਾਂਤੀ ਰੈਲੀ' ਰੱਖਿਆ ਗਿਆ ਹੈ।


 ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਉਹ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ । ਜਿਸ ਵਿੱਚ ਹੁਸ਼ਿਆਰਪੁਰ ਦੇ 2 ਪਿੰਡਾਂ ਦੇ ਵਿੱਚ ਪੀਣ ਦੇ ਪਾਣੀ ਦੇ ਪ੍ਰੋਜੈਕਟ ਸ਼ਾਮਲ ਹਨ । ਪੰਜਾਬ ਆਪ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਦੱਸਿਆ ਕਿ ਕੁੱਲ 900 ਕਰੋੜ ਦੀਆਂ ਯੋਜਨਾਵਾਂ ਨੂੰ ਹਰੀ ਝੰਡੀ ਵਿਖਾਈ ਜਾਵੇਗੀ, ਮੈਡੀਕਲ ਸਿੱਖਿਆ ਤੋਂ ਬਾਅਦ ਪੰਜਾਬ ਦੇ ਬੱਚਿਆਂ ਨੂੰ ਆਰਮੀ ਟ੍ਰੇਨਿੰਗ ਇੰਸਟੀਚਿਊਟ ਵੀ ਮਿਲਣ ਜਾ ਰਹੇ ਨੇ ਦੁਆਬੇ ਦੇ 10 ਹਲਕਿਆਂ ਨੂੰ ਕੱਲ ਬਹੁਤ ਵੱਡੀਆਂ ਸੌਗ਼ਾਤਾਂ ਮਿਲਣ ਜਾ ਰਹੀਆਂ ਹਨ। 


ਸਰਕਾਰ ਪਿੰਡਾਂ ਦੀਆਂ ਖ਼ਾਲੀ ਪਈਆਂ ਪੰਚਾਈਤੀ ਜ਼ਮੀਨਾਂ ‘ਚ 23 ਨਵੇਂ ਸਟੇਡੀਅਮ ਬਣਾਉਣ ਜਾ ਰਹੀ ਹੈ, ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪੰਜਾਬ ਨੂੰ ਵਿਕਾਸ ਦੇ ਨਵੇਂ ਰਾਹ 'ਤੇ ਲਿਜਾਣ ਲਈ 'ਆਪ' ਦੀ ਪੰਜਾਬ ਸਰਕਾਰ ਵਿਕਾਸ ਕ੍ਰਾਂਤੀ ਲਿਆ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲੇ ਦਿਨ ਤੋਂ ਹੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਹਰ ਵਰਗ ਅਤੇ ਸਮਾਜ ਦੀ ਭਲਾਈ ਲਈ ਕੰਮ ਕਰ ਰਹੀ ਹੈ। ਇਸ 'ਵਿਕਾਸ ਕ੍ਰਾਂਤੀ ਰੈਲੀ' 'ਚ 867.68 ਕਰੋੜ ਰੁਪਏ ਦੇ ਪ੍ਰੋਜੈਕਟ ਗਤੀਸ਼ੀਲ ਹੋਣਗੇ।


ਕੰਗ ਨੇ ਕਿਹਾ ਕਿ ਪੰਜਾਬ ਦਾ ਮੈਡੀਕਲ ਅਤੇ ਸਿਹਤ ਖੇਤਰ ਮੁੱਖ ਮੰਤਰੀ ਭਗਵੰਤ ਮਾਨ ਦੀ ਸਭ ਤੋਂ ਵੱਡੀ ਤਰਜੀਹ ਹੈ।  ਸਿਹਤ ਅਤੇ ਸਿੱਖਿਆ ਸਾਡੀ ਪਾਰਟੀ ਦੇ ਦੋ ਮੁੱਖ ਏਜੰਡੇ ਹਨ। ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਦੋਵਾਂ ਸੈਕਟਰਾਂ ਵਿੱਚ ਕ੍ਰਾਂਤੀ ਲਿਆਂਦੀ ਅਤੇ ਹੁਣ ਸਾਡੀ ਸਰਕਾਰ ਪੰਜਾਬ ਵਿੱਚ ਵੀ ਉਹੀ ਕਰ ਰਹੀ ਹੈ।


ਯੂਕਰੇਨ ਸੰਕਟ ਦੌਰਾਨ ਅਸੀਂ ਦੇਖਿਆ ਕਿ ਸਾਡੇ ਕਿੰਨੇ ਬੱਚੇ ਉੱਥੇ ਮੇਡਿਕਲ ਦੀ ਪੜ੍ਹਾਈ ਕਰ ਰਹੇ ਸਨ ਅਤੇ ਯੁੱਧ ਖੇਤਰ ਵਿੱਚ ਫਸ ਗਏ ਸਨ। ਉਸ ਸਮੇਂ ਸੀਐਮ ਮਾਨ ਨੇ ਪੰਜਾਬ ਨੂੰ ਭਾਰਤ ਦਾ ਮੈਡੀਕਲ ਹੱਬ ਬਣਾਉਣ ਦਾ ਫੈਸਲਾ ਕੀਤਾ ਸੀ। ਇਹ ਕਾਰਨ ਹੈ ਮਾਨ ਸਰਕਾਰ ਸਿਹਤ ਖੇਤਰ ਵਿੱਚ ਬੇਮਿਸਾਲ ਕੰਮ ਕਰ ਰਹੀ ਹੈ।  ਲਗਭਗ 700 ਮੁਹੱਲਾ ਕਲੀਨਿਕ ਜਿੱਥੇ ਲੱਖਾਂ ਲੋਕ ਮੁਫਤ ਇਲਾਜ ਕਰਵਾ ਰਹੇ ਹਨ, ਸਰਕਾਰੀ ਹਸਪਤਾਲਾਂ ਦਾ ਅਪਗ੍ਰੇਡੇਸ਼ਨ, ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਨਵੇਂ ਮੈਡੀਕਲ ਕਾਲਜ ਆਦਿ ਪੰਜਾਬ ਦੇ ਮੈਡੀਕਲ ਅਤੇ ਸਿਹਤ ਖੇਤਰ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਨਗੇ।