ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਇੱਕ ਵਾਰ ਮੁੜ ਤੋਂ ਪੰਜਾਬ ਦੀ ਸਿਆਸੀ ਚਰਚਾ ਵਿੱਚ ਆ ਗਏ ਹਨ। ਕਈ ਅਧਾਰਿਆਂ 'ਤੇ ਖ਼ਬਰ ਚੱਲ ਰਹੀ ਹੈ ਕਿ ਬੀਬੀ ਜਗੀਰ ਕੌਰ ਦੇ ਘਰ ਪੰਜਾਬ ਵਿਜੀਲੈਂਬ ਬਿਊਰੋ ਨੇ ਦਬਿਸ਼ ਦਿੱਤੀ ਹੈ ਅਤੇ ਉਹਨਾਂ ਤੋਂ ਕਰੀਬ 2 ਘੰਟੇ ਪੁੱਛਪੜਤਾਲ ਕੀਤੀ ਹੈ। ਇਸ ਅਜਿਹੀ ਕੋਈ ਵੀ ਖ਼ਬਰ ਸਾਹਮਣੇ ਨਹੀਂ ਆਈ ਹੈ।
ਬੀਬੀ ਜਗੀਰ ਕੌਰ ਵਿਧਾਨ ਸਭਾ ਹਲਕਾ ਭੁਲੱਥ ਦੇ ਪਿੰਡ ਬੇਗੋਵਾਲ ਵਿੱਚ ਬਣੇ ਡੇਰੇ 'ਚ ਰਹਿੰਦੇ ਹਨ। ਇਹ ਜ਼ਰੂਰ ਹੈ ਕਿ ਬੀਬੀ ਜਗੀਰ ਕੌਰ ਖਿਲਾਫ਼ ਹਾਈ ਕੋਰਟ ਵਿੱਚ ਪੰਚਾਇਤੀ ਜ਼ਮੀਨ ਦੱਬਣ ਖਿਲਾਫ਼ ਪਟੀਸ਼ਨ ਪਈ ਹੋਈ ਹੈ। ਇਸੇ ਸਿਲਸਿਲੇ ਵਿੱਚ ਹਾਈਕੋਰਟ ਵੱਲੋਂ ਬਣਾਈ ਗਈ ਇੱਕ ਟੀਮ ਬੇਗੋਵਾਲ ਪਹੁੰਚੀ ਸੀ।
ਇਸ ਟੀਮ ਬੇਗੋਵਾਲ ਵਿੱਚ ਮੌਕਾ ਦੇਖਣ ਲਈ ਆਈ ਸੀ। ਟੀਮ ਇਹ ਤਸਦੀਕ ਕਰਨ ਗਈ ਸੀ ਕਿ ਜੋ ਸ਼ਿਕਾਇਤ ਕਰਤਾ ਨੇ ਪਟੀਸ਼ਨ ਦਾਇਰ ਕੀਤੀ ਹੈ ਉਸ ਮੁਤਾਬਕ ਜ਼ੀਮਨ ਕਿਹੜੀ ਹੈ ਅਤੇ ਕਿੰਨੇ ਏਕੜ ਜ਼ਮੀਨ ਦੱਬਣ ਦਾ ਇਲਜ਼ਾਮ ਹੈ। ਜ਼ਮੀਨੀ ਹਕੀਕਤ ਦੇਖਣ ਲਈ ਇਹ ਟੀਮ ਇੱਕ ਹਫ਼ਤਾ ਪਹਿਲਾਂ ਪਹੁੰਚੀ ਸੀ।
ਹਲਾਂਕਿ ਬੀਬੀ ਜਗੀਰ ਕੌਰ ਦੇ ਪੀਏ ਵੱਲੋਂ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਵਿਜੀਲੈਂਸ ਦੀ ਕੋਈ ਵੀ ਟੀਮ ਰੇਡ ਕਰਨ ਜਾਂ ਪੁੱਛਗਿੱਛ ਕਰਨ ਦੇ ਲਈ ਨਹੀਂ ਆਈ ਸੀ। ਬੀਬੀ ਜਗੀਰ ਕੌਰ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਤੋਂ ਵਿਜੀਲੈਂਸ ਨੇ ਕੋਈ ਪੁੱਛ-ਗਿੱਛ ਨਹੀਂ ਕੀਤੀ ਹੈ ਤੇ ਉਹ ਤਾਂ ਸ਼ੁੱਕਰਵਾਰ ਨੂੰ ਬੇਗੋਵਾਲ ਵਿਚ ਮੌਜੂਦ ਹੀ ਨਹੀਂ ਸਨ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਵਿਚ ਦੋਸ਼ ਲਾਇਆ ਗਿਆ ਸੀ ਕਿ ਨਗਰ ਪੰਚਾਇਤ ਬੇਗੋਵਾਲ ਦੀ ਜ਼ਮੀਨ ’ਤੇ ਉਹਨਾਂ ਕਬਜ਼ਾ ਕੀਤਾ ਹੋਇਆ ਹੈ। ਹਾਈ ਕੋਰਟ ਨੇ ਇਸ ਮਾਮਲੇ ਵਿਚ 28 ਅਗਸਤ 2023 ਨੂੰ ਦਿੱਤੇ ਹੁਕਮ ਵਿਚ ਪੰਜਾਬ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਨੂੰ ਇਸ ਮਾਮਲੇ ਵਿਚ ਛੇ ਹਫਤਿਆਂ ਵਿਚ ਰਿਪੋਰਟ ਪੇਸ਼ ਕਰਨ ਨੂੰ ਕਿਹਾ ਸੀ।
ਇਸ ਲਈ ਵਿਜੀਲੈਂਸ ਦੇ 2 ਅਫ਼ਸਰ ਬੇਗੋਵਾਲ ਪਿੰਡ ਵਿੱਚ ਪਹੁੰਚੇ ਸਨ ਇਸ ਟੀਮ ਨੇ ਬੀਬੀ ਜਗੀਰ ਕੌਰ ਵੱਲੋਂ ਬਣਾਏ ਸਕੂਲ ਵਿਚ ਜ਼ਮੀਨ ਦੀ ਪੈਮਾਇਸ਼ ਜ਼ਰੂਰ ਕੀਤੀ ਹੈ।
ਬੇਗੋਵਾਲ ਦੇ ਵਾਰਡ ਨੰਬਰ 12 ਦੇ ਨਿਵਾਸੀ ਜਾਰਜ ਸ਼ੁਭ ਉਰਫ ਕਮਲ ਨੇ ਦੱਸਿਆ ਕਿ ਉਹਨਾਂ ਅਗਸਤ 2009 ਵਿਚ ਬੀਬੀ ਜਗੀਰ ਕੌਰ ਵੱਲੋਂ ਬਣਾਏ ਸੰਤ ਪ੍ਰੇਮ ਸਿੰਘ ਖਾਲਸਾ ਹਾਈ ਸਕੂਲ ਬੇਗੋਵਾਲ ਅਤੇ ਡੇਰੇ ਦੇ ਨੇੜਲੀ 22 ਏਕੜ ਪੰਚਾਇਤੀ ਜ਼ਮੀਨ ’ਤੇ ਨਜਾਇਜ਼ ਕਬਜ਼ਾ ਕਰਨ ਦੀ ਸ਼ਿਕਾਇਤ ਕੀਤੀ ਸੀ। ਜਦੋਂ ਕੋਈ ਸੁਣਵਾਈ ਨਾ ਹੋਈ ਤਾਂ ਉਹ ਲੋਕਪਾਲ ਕੋਲ ਗਏ ਪਰ ਜਦੋਂ ਇਥੇ ਵੀ ਸੁਣਵਾਈ ਨਾ ਹੋਈ ਤਾਂ ਉਹਨਾਂ 2014 ਵਿਚ ਹਾਈ ਕੋਰਟ ਵਿਚ ਪਟੀਸ਼ਨ ਦਾਖਲ ਕੀਤੀ ਸੀ।