Jalandhar News: ਜਲੰਧਰ ਜ਼ਿਮਨੀ ਚੋਣ ਕਰਕੇ ਮਾਹੌਲ ਗਰਮਾਇਆ ਹੋਇਆ ਹੈ। ਬੀਜੇਪੀ ਉਮੀਦਵਾਰ ਸ਼ੀਤਲ ਅੰਗੁਰਾਲ ਵੱਲੋਂ ਗੰਭੀਰ ਇਲਜ਼ਾਮ ਲਾਉਣ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਹੱਦ ਗੁੱਸਾ ਚੜ੍ਹ ਗਿਆ। ਬੁੱਧਵਾਰ ਨੂੰ ਸਟੇਜ ਉਪਰ ਹੀ ਉਨ੍ਹਾਂ ਨੇ ਸ਼ੀਤਲ ਅੰਗੁਰਾਲ ਨੂੰ ਲਲਕਾਰਦਿਆਂ ਪਹਿਲੀ ਵਾਰ ਆਪਣਾ ਰੁਦਰ ਰੂਪ ਵਿਖਾਇਆ।
ਦਰਅਰਸਲ ਸੀਐਮ ਮਾਨ ਨੇ ਸ਼ੀਤਲ ਅੰਗੁਰਾਲ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਸਾਡੇ ਨਾਲ ਪੰਗਾ ਨਾ ਲਵੇ। ਤੁਹਾਡੇ ਵਾਂਗ ਸਾਡੇ ’ਤੇ ਨਸ਼ਾ ਤਸਕਰੀ ਦਾ ਕੋਈ ਐਨਡੀਪੀਐਸ ਕੇਸ ਨਹੀਂ। ਉਨ੍ਹਾਂ ਕਿਹਾ ਕਿ ਬਹਿਸ ਕਰਨ ਦੀ ਧਮਕੀ ਕਿਸੇ ਹੋਰ ਨੂੰ ਦਿਓ। ਸਾਡੇ ਨਾਲ ਜਦੋਂ ਮਰਜ਼ੀ ਚਾਹੇ ਬਹਿਸ ਕਰ ਲਓ, 5 ਤਰੀਕ ਦਾ ਇੰਤਜ਼ਾਰ ਕਿਉਂ ਕਰ ਰਹੇ ਹੋ, ਅੱਜ ਹੀ ਬਹਿਸ ਕਰ ਲਓ।
ਸੀਐਮ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਸ਼ੀਤਲ ਅੰਗੁਰਾਲ ਨੂੰ ਉਸ ਦੀਆਂ ਭ੍ਰਿਸ਼ਟ ਗਤੀਵਿਧੀਆਂ ਰੋਕਣ ਲਈ ਬਹੁਤ ਸਮਝਾਇਆ ਪਰ ਉਹ ਨਹੀਂ ਮੰਨਿਆ। ਆਮ ਆਦਮੀ ਪਾਰਟੀ ਵਿੱਚ ਰਹਿੰਦਿਆਂ ਉਸ ਨੂੰ ਦੋ ਨੰਬਰ ਦੇ ਕੰਮ ਕਰਨ ਵਿੱਚ ਪ੍ਰੇਸ਼ਾਨੀ ਹੁੰਦੀ ਸੀ। ਇਸ ਲਈ ਉਹ ਭਾਜਪਾ ਵਿੱਚ ਸ਼ਾਮਲ ਹੋ ਗਿਆ, ਕਿਉਂਕਿ ਭਾਜਪਾ ਭ੍ਰਿਸ਼ਟਾਚਾਰ ਨੂੰ ਖੁੱਲ੍ਹਾ ਹੱਥ ਦਿੰਦੀ ਹੈ, ਪਰ ਉਸ ਨੂੰ ਉੱਥੇ ਵੀ ਭ੍ਰਿਸ਼ਟਾਚਾਰ ਨਹੀਂ ਕਰਨ ਦੇਵਾਂਗੇ।
ਇਸ ਦੌਰਾਨ ਸੀਐਮ ਭਗਵੰਤ ਮਾਨ ਨੇ ਕਿਾ ਕਿ ਜਲੰਧਰ ਵਾਲਿਓ, ਪਿਛਲੇ ਵਾਲੇ ਵਿਧਾਇਕ ਨੂੰ ਇੱਦਾਂ ਦਾ ਸਬਕ ਸਿਖਾਇਓ, ਦੁਬਾਰਾ ਪੰਜਾਬ ਵਿੱਚ ਕੋਈ ਅਸਤੀਫ਼ਾ ਦੇਣ ਦੀ ਹਿੰਮਤ ਨਾ ਕਰੇ। ਜਦੋਂ ਸੱਤਾਧਾਰੀ ਧਿਰ ਵਿੱਚੋਂ ਵਿਧਾਇਕ ਬਣ ਹੀ ਗਿਆ ਸੀ, ਹੁਣ ਅਸਤੀਫ਼ਾ ਦੇ ਕੇ ਕਹਿੰਦਾ ਭਾਜਪਾ ਤੋਂ ਜਿਤਾਓ ਤਾਂ ਜੋ ਲੁੱਟਣ ਦਾ ਮੌਕਾ ਮਿਲ ਜਾਵੇ ਪਰ ਭਾਵੇਂ ਉਹ ਭਾਜਪਾ ਤੋਂ ਵਿਧਾਇਕ ਬਣ ਜਾਵੇ, ਲੁੱਟਣ ਦਾ ਮੌਕਾ ਤਾਂ ਫਿਰ ਵੀ ਨਹੀਂ ਮਿਲਣਾ ਉਸ ਨੂੰ, ਇਹ ਗੱਲ ਯਾਦ ਰੱਖੇ।
ਦੱਸ ਦਈਏ ਕਿ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਨੂੰ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਵੱਕਾਰ ਨਾਲ ਜੋੜ ਕੇ ਲੜ ਰਹੇ ਹਨ। ਮੁੱਖ ਮੰਤਰੀ ਨੇ ਲੋਕਾਂ ਨੂੰ ਕਿਹਾ, ‘‘ਤੁਸੀਂ ‘ਆਪ’ ਦੇ ਉਮੀਦਵਾਰ ਨੂੰ ਵਿਧਾਇਕ ਬਣਾ ਦਿਓ ਮੰਤਰੀ ਅਸੀਂ ਬਣਾ ਦੇਵਾਂਗੇ।’’ ਭਗਵੰਤ ਮਾਨ ਨੇ ਕਿਹਾ ਕਿ ਜਲੰਧਰ ਜ਼ਿਮਨੀ ਚੋਣ ਵਿੱਚ ‘ਆਪ’ ਦੇ ਜਿੱਤਣ ਮਗਰੋਂ ਸਰਕਾਰ ਵਿੱਚ ਜਲੰਧਰ ਵਾਸੀਆਂ ਦੀ ਹਿੱਸੇਦਾਰੀ ਹੋਵੇਗੀ, ਜਿਸ ਕਾਰਨ ਇਸ ਇਲਾਕੇ ਦਾ ਵਿਕਾਸ ਤੇਜ਼ੀ ਨਾਲ ਸੰਭਵ ਹੋ ਸਕੇਗਾ।