Jalandhar News: ਜਲੰਧਰ ਵਿੱਚ ਫਰਿੱਜ ਨੇ ਪੂਰਾ ਪਰਿਵਾਰ ਉਜਾੜ ਦਿੱਤਾ ਹੈ। ਇਹ ਫਰਿੱਜ ਅਜੇ ਸੱਤ ਮਹੀਨੇ ਪਹਿਲਾਂ ਖਰੀਦਿਆ ਸੀ। ਇਸ ਦੇ ਕੰਪ੍ਰੈਸ਼ਰ ਫਟਣ ਨਾਲ ਵੱਡਾ ਧਮਾਕਾ ਹੋਇਆ ਜਿਸ ਨਾਲ ਘਰ ਅੰਦਰ ਅੱਗ ਲੱਗ ਗਈ। ਇਸ ਹਾਦਸੇ ਵਿੱਚ ਪਰਿਵਾਰ ਦੇ ਪੰਜ ਜੀਆਂ ਦੀ ਮੌਤ ਹੋ ਗਈ।


 


ਦਰਅਸਲ ਜਲੰਧਰ ਵਿੱਚ ਐਤਵਾਰ ਰਾਤ ਵੱਡਾ ਹਾਦਸਾ ਵਾਪਰਿਆ, ਜਿਸ ਵਿੱਚ ਇੱਕੋ ਪਰਿਵਾਰ ਦੇ ਪੰਜ ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਤਿੰਨ ਬੱਚੇ ਵੀ ਸ਼ਾਮਲ ਹਨ। ਮ੍ਰਿਤਕਾਂ ਦੀ ਪਛਾਣ ਅਕਸ਼ੈ, ਯਸ਼ਪਾਲ ਘਈ, ਮਨਸ਼ਾ, ਦੀਆ ਤੇ ਰੁਚੀ ਵਜੋਂ ਹੋਈ ਹੈ। ਯਸ਼ਪਾਲ ਦਾ ਲੜਕਾ ਗੰਭੀਰ ਜ਼ਖ਼ਮੀ ਦੱਸਿਆ ਜਾਂਦਾ ਹੈ ਤੇ ਉਸ ਦਾ ਲੁਧਿਆਣਾ ਦੇ ਡੀਐਮਸੀ ਵਿਖੇ ਇਲਾਜ ਚੱਲ ਰਿਹਾ ਹੈ।


ਹਾਸਲ ਜਾਣਕਾਰੀ ਮੁਤਾਬਕ ਘਟਨਾ ਜਲੰਧਰ ਦੇ ਅਵਤਾਰ ਨਗਰ ਦੀ ਗਲੀ ਨੰਬਰ 12 ਦੀ ਹੈ। ਮ੍ਰਿਤਕ ਯਸ਼ਪਾਲ ਘਈ ਦੇ ਭਰਾ ਰਾਜ ਘਈ ਦਾ ਕਹਿਣਾ ਹੈ ਕਿ ਉਸ ਦੇ ਭਰਾ ਨੇ ਕਰੀਬ ਸੱਤ ਮਹੀਨੇ ਪਹਿਲਾਂ ਡਬਲ ਡੋਰ ਫਰਿੱਜ ਖਰੀਦਿਆ ਸੀ। ਦੇਰ ਰਾਤ ਕੰਪ੍ਰੈਸ਼ਰ ਫਟ ਗਿਆ ਤੇ ਘਰ ਨੂੰ ਅੱਗ ਲੱਗ ਗਈ। ਕਿਸੇ ਨੂੰ ਘਰੋਂ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ। ਇਸ ਕਾਰਨ 65 ਸਾਲਾ ਯਸ਼ਪਾਲ ਘਈ ਤੇ ਉਸ ਦੇ ਲੜਕੇ ਤੇ ਨੂੰਹ ਸਮੇਤ ਦੋ ਲੜਕੀਆਂ ਦੀ ਝੁਲਸਣ ਕਾਰਨ ਮੌਤ ਹੋ ਗਈ। ਜਦੋਂਕਿ ਉਸ ਦੀ ਬਜ਼ੁਰਗ ਭਰਜਾਈ ਘਰ ਦੇ ਬਾਹਰ ਸੀ, ਉਸ ਨੂੰ ਸੁਰੱਖਿਅਤ ਬਚਾ ਲਿਆ ਗਿਆ।


ਫਰਿੱਜ ਦੇ ਕੰਪ੍ਰੈਸਰ ਵਿੱਚ ਧਮਾਕਾ ਹੋਣ ਕਾਰਨ ਗੈਸ ਘਰ ਦੇ ਨਾਲ-ਨਾਲ ਗਲੀ ਵਿੱਚ ਵੀ ਫੈਲ ਗਈ। ਇਸ ਕਾਰਨ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀ ਦੇਰ ਰਾਤ ਤੱਕ ਅੱਗ ’ਤੇ ਕਾਬੂ ਪਾਉਣ ਵਿੱਚ ਲੱਗੇ ਰਹੇ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਲੋਕਾਂ ਨੂੰ ਘਰ ਦੇ ਅੰਦਰੋਂ ਬਾਹਰ ਕੱਢਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਤਿੰਨ ਵਿਅਕਤੀਆਂ ਨੂੰ ਮ੍ਰਿਤਕ ਐਲਾਨ ਦਿੱਤਾ ਤੇ ਦੋ ਨੂੰ ਨਿੱਜੀ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਦੋਵਾਂ ਦੀ ਇਲਾਜ ਦੌਰਾਨ ਮੌਤ ਹੋ ਗਈ।


ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਸਮੇਂ ਪਰਿਵਾਰਕ ਮੈਂਬਰ ਕ੍ਰਿਕਟ ਮੈਚ ਦੇਖ ਰਹੇ ਸਨ। ਇਸ ਦੌਰਾਨ ਜ਼ੋਰਦਾਰ ਧਮਾਕੇ ਨਾਲ ਅੱਗ ਫੈਲ ਗਈ। ਕੰਪ੍ਰੈਸ਼ਰ ਵਿੱਚ ਗੈਸ ਫਟਣ ਕਾਰਨ ਘਰ ਦੇ ਲੋਕ ਬੇਹੋਸ਼ ਹੋ ਗਏ ਤੇ ਅੱਗ ਦੀ ਲਪੇਟ ਵਿੱਚ ਆ ਗਏ।