Jalandhar News: ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਈਡੀ ਨੂੰ ਆਪਣਾ ਲਿਖਤੀ ਜਵਾਬ ਭੇਜਿਆ ਹੈ। ਈਡੀ ਨੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਕਥਿਤ ਸ਼ਰਾਬ ਘੁਟਾਲੇ ਸਬੰਧੀ ਅੱਜ ਲਈ ਸੰਮਨ ਭੇਜਿਆ ਸੀ। ਪੰਜਾਬ ਪਹੁੰਚੇ ਕੇਜਰੀਵਾਲ ਨੇ ਕਿਹਾ ਕਿ ਮੈਂ ਹਰ ਕਾਨੂੰਨੀ ਸੰਮਨ ਮੰਨਣ ਲਈ ਤਿਆਰ ਹਾਂ। 


ਉਨ੍ਹਾਂ ਨੇ ਕਿਹਾ ਕਿ ਈਡੀ ਦਾ ਇਹ ਸੰਮਨ ਵੀ ਪਿਛਲੇ ਸੰਮਨਾਂ ਵਾਂਗ ਗੈਰ-ਕਾਨੂੰਨੀ ਹੈ। ਈਡੀ ਦੇ ਸੰਮਨ ਸਿਆਸਤ ਤੋਂ ਪ੍ਰੇਰਿਤ ਹਨ। ਇਸ ਲਈ ਇਹ ਸੰਮਨ ਵਾਪਸ ਲਏ ਜਾਣ। ਕੇਜਰੀਵਾਲ ਨੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਇਮਾਨਦਾਰੀ ਤੇ ਪਾਰਦਰਸ਼ਤਾ ਨਾਲ ਬਤੀਤ ਕੀਤੀ ਹੈ। ਮੇਰੇ ਕੋਲ ਲੁਕਾਉਣ ਲਈ ਕੁਝ ਨਹੀਂ ਹੈ। 


ਦੱਸ ਦਈਏ ਕਿ ਕੇਜਰੀਵਾਲ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸੰਮਨ ਭੇਜ ਕੇ ਅੱਜ ਪੇਸ਼ ਹੋਣ ਲਈ ਕਿਹਾ ਸੀ। ਇਸ ਦੇ ਨਾਲ ਹੀ ਕੇਜਰੀਵਾਲ ਨੇ ਅੱਜ ਹੁਸ਼ਿਆਰਪੁਰ ਵਿਖੇ 10 ਦਿਨਾਂ ਦਾ ਵਿਪਾਸਨਾ ਮੈਡੀਟੇਸ਼ਨ ਕੋਰਸ ਸ਼ੁਰੂ ਕੀਤਾ। ਇਸ ਲਈ ਕੇਜਰੀਵਾਲ ਨੇ ਆਪਣੇ ਵਕੀਲ ਜ਼ਰੀਏ ਐਨਫੋਰਸਮੈਂਟ ਡਾਇਰੈਕਟੋਰੇਟ ਨੂੰ ਲਿਖਤੀ ਜੁਆਬ ਭੇਜਿਆ। ਸੂਤਰਾਂ ਮੁਤਾਬਕ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਉਨ੍ਹਾਂ ਹੋਰਨਾਂ ਸੰਮਨਾਂ ਦੀ ਘੋਖ ਕੀਤੀ ਹੈ ਜੋ ਈਡੀ ਵੱਲੋਂ ਵੱਖ ਵੱਖ ਹਸਤੀਆਂ ਨੂੰ ਭੇਜੇ ਗਏ ਸਨ ਤੇ ਅਦਾਲਤਾਂ ਨੇ ਅਜਿਹੇ ਸੰਮਨਾਂ ਨੂੰ ਗ਼ੈਰਕਾਨੂੰਨੀ ਕਰਾਰ ਦਿੱਤਾ ਸੀ।


ਦੱਸ ਦਈਏ ਕਿ ਈਡੀ ਨੇ ਪਹਿਲਾਂ 2 ਨਵੰਬਰ ਨੂੰ ਕੇਜਰੀਵਾਲ ਨੂੰ ਤਲਬ ਕੀਤਾ ਸੀ ਪਰ ਉਸ ਵੇਲੇ ਵੀ ਕੇਜਰੀਵਾਲ ਨੇ ਈਡੀ ਨੂੰ ਲਿਖਤੀ ਚਿੱਠੀ ਭੇਜ ਕੇ ਪੁੱਛਿਆ ਸੀ ਕਿ ਉਨ੍ਹਾਂ ਨੂੰ ਕਿਸ ਹੈਸੀਅਤ ਦੇ ਤੌਰ ’ਤੇ ਸੰਮਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਈਡੀ ਬਤੌਰ ਪਾਰਟੀ ਪ੍ਰਧਾਨ ਜਾਂ ਮੁੱਖ ਮੰਤਰੀ ਦੇ ਤੌਰ ’ਤੇ ਬੁਲਾ ਰਹੀ ਹੈ ਜਾਂ ਫਿਰ ਗਵਾਹ ਜਾਂ ਦੋਸ਼ੀ ਦੇ ਤੌਰ ’ਤੇ ਬੁਲਾਇਆ ਜਾ ਰਿਹਾ ਹੈ। ਈਡੀ ਨੇ ਸੂਬਾਈ ਅਸੈਂਬਲੀਆਂ ਦੀਆਂ ਚੋਣਾਂ ਕਰਕੇ ਕੁਝ ਸਮੇਂ ਤੱਕ ਮਾਮਲੇ ਨੂੰ ਠੰਢਾ ਰੱਖਿਆ ਤੇ ਚੋਣ ਨਤੀਜਿਆਂ ਮਗਰੋਂ ਹੁਣ ਮੁੜ ‘ਆਪ’ ਸੁਪਰੀਮੋ ਨੂੰ ਤਲਬ ਕੀਤਾ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।