Jalandhar News: ਜਲੰਧਰ ਦੀ ਸਥਾਨਕ ਨਵੀਂ ਦਾਣਾ ਮੰਡੀ ਨੇੜੇ ਸਤਨਾਮ ਨਗਰ 'ਚ ਫਰਿੱਜ ਦੇ ਕੰਪ੍ਰੈਸ਼ਰ ਦੀ ਗੈਸ ਲੀਕ ਹੋਣ ਕਾਰਨ ਧਮਾਕਾ ਹੋ ਗਿਆ ਅਤੇ ਅੱਗ ਫੈਲ ਗਈ। ਜ਼ਹਿਰੀਲੀ ਗੈਸ ਲੈਣ ਕਾਰਨ ਪਿਓ-ਪੁੱਤ ਦੀ ਮੌਤ ਹੋ ਗਈ। ਜਦਕਿ ਤੀਜੇ ਜਤਿੰਦਰ ਸਿੰਘ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਜਿਨ੍ਹਾਂ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਹੈ।
ਸੂਚਨਾ ਮਿਲਦੇ ਹੀ ਥਾਣਾ-2 ਦੀ ਪੁਲਿਸ ਸਮੇਤ ਫੋਰੈਂਸਿਕ ਟੀਮ ਜਾਂਚ ਲਈ ਮੌਕੇ 'ਤੇ ਪਹੁੰਚ ਗਈ। ਫੋਰੈਂਸਿਕ ਟੀਮ ਨੇ ਮੌਕੇ ਤੋਂ ਦਰਜਨਾਂ ਸੈਂਪਲ ਲਏ ਹਨ। ਜਿਸ ਨੂੰ ਜਾਂਚ ਲਈ ਭੇਜ ਦਿੱਤਾ ਗਿਆ ਹੈ।
ਪਿਛਲੇ ਮਹੀਨੇ ਵੀ ਜਲੰਧਰ ਦੇ ਅਵਤਾਰ ਨਗਰ 'ਚ ਇਕ ਫਰਿੱਜ 'ਚੋਂ ਗੈਸ ਲੀਕ ਹੋਣ ਕਾਰਨ ਧਮਾਕਾ ਹੋਇਆ ਸੀ ਅਤੇ ਅੱਗ ਲੱਗ ਗਈ ਸੀ, ਜਿਸ ਕਾਰਨ ਇੱਕ ਹੀ ਪਰਿਵਾਰ ਦੇ 6 ਮੈਂਬਰਾਂ ਦੀ ਮੌਤ ਹੋ ਗਈ ਸੀ। ਠੀਕ ਇੱਕ ਮਹੀਨੇ ਬਾਅਦ ਜਲੰਧਰ ਵਿੱਚ ਇੱਕ ਹੋਰ ਹਾਦਸੇ ਨੇ ਲੋਕਾਂ ਵਿੱਚ ਦਹਿਸ਼ਤ ਫੈਲਾ ਦਿੱਤੀ ਹੈ।
ਘਟਨਾ ਸ਼ੁੱਕਰਵਾਰ ਦੁਪਹਿਰ ਕਰੀਬ 12 ਵਜੇ ਦੀ ਹੈ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਇਹ ਘਟਨਾ ਹਰਪਾਲ ਸਿੰਘ ਦੇ ਘਰ ਵਾਪਰੀ, ਜੋ ਆਪਣੇ ਘਰ ਵਿੱਚ ਜਿੰਮ ਦੇ ਡੰਬਲ ਅਤੇ ਪਲੇਟ ਬਣਾਉਣ ਦਾ ਕੰਮ ਕਰਦਾ ਸੀ। ਅੱਗ ਨਾਲ ਸਾਰਾ ਸਮਾਨ ਵੀ ਸੜ ਕੇ ਸੁਆਹ ਹੋ ਗਿਆ। ਮ੍ਰਿਤਕਾਂ ਦੀ ਪਛਾਣ ਪੁੱਤਰ ਜਸ਼ਨ ਸਿੰਘ (17) ਅਤੇ ਪਿਤਾ ਹਰਪਾਲ ਸਿੰਘ (45) ਵਜੋਂ ਹੋਈ ਹੈ, ਜਿਨ੍ਹਾਂ ਦੀਆਂ ਲਾਸ਼ਾਂ ਨੂੰ ਪੁਲਿਸ ਨੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਏਸੀਪੀ ਨਿਰਮਲ ਸਿੰਘ ਨੇ ਦੱਸਿਆ ਕਿ ਮੌਕੇ ’ਤੇ ਪਹੁੰਚਦਿਆਂ ਹੀ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਜਿਸ ਇਮਾਰਤ 'ਚ ਅੱਗ ਲੱਗੀ, ਉਸ ਦੀ ਵਰਤੋਂ ਖੇਡਾਂ ਦੇ ਸਾਮਾਨ ਦੀ ਪੈਕਿੰਗ ਲਈ ਕੀਤੀ ਜਾਂਦੀ ਸੀ। ਘਟਨਾ ਦੇ ਸਮੇਂ ਕਰੀਬ 7 ਲੋਕ ਅੰਦਰ ਸਨ। ਸਾਰਿਆਂ ਨੂੰ ਤੁਰੰਤ ਇਮਾਰਤ ਤੋਂ ਬਾਹਰ ਕੱਢਿਆ ਗਿਆ ਅਤੇ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।
ਥਾਣਾ 2 ਦੇ ਇੰਚਾਰਜ ਗੁਰਪ੍ਰੀਤ ਸਿੰਘ ਅਨੁਸਾਰ ਪਿਉ-ਪੁੱਤਰ ਰੋਜ਼ਾਨਾ ਦੀ ਤਰ੍ਹਾਂ ਘਰ ਵਿੱਚ ਖੇਡਾਂ ਦਾ ਸਾਮਾਨ ਪੈਕ ਕਰ ਰਹੇ ਸਨ। ਇਸ ਦੌਰਾਨ ਧਮਾਕਾ ਹੋਇਆ ਅਤੇ ਪੂਰੇ ਘਰ 'ਚ ਹਫੜਾ-ਦਫੜੀ ਮਚ ਗਈ। ਘਰ ਅੰਦਰ ਜ਼ਹਿਰੀਲੀ ਗੈਸ ਫੈਲ ਗਈ। ਹਰਪਾਲ ਸਿੰਘ, ਉਸ ਦਾ ਭਰਾ ਜਤਿੰਦਰ ਅਤੇ ਪੁੱਤਰ ਜਸ਼ਨ ਜ਼ਹਿਰੀਲੀ ਗੈਸ ਕਾਰਨ ਫੈਲੀ ਅੱਗ 'ਚੋਂ ਆਪਣਾ ਸਮਾਨ ਕੱਢਣ ਲਈ ਘਰ 'ਚ ਦਾਖਲ ਹੋਏ ਅਤੇ ਉੱਥੇ ਹੀ ਗੈਸ ਦੀ ਲਪੇਟ 'ਚ ਆ ਗਏ। ਤਿੰਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਜਸ਼ਨ ਸਿੰਘ ਅਤੇ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਸੀ। ਜਤਿੰਦਰ ਸਿੰਘ ਇਸ ਸਮੇਂ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਉਨ੍ਹਾਂ ਕਿਹਾ ਕਿ ਅੰਦਰ ਧਮਾਕਾ ਕਿਵੇਂ ਹੋਇਆ ਇਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।