Farmer Protest: ਬੀਤੇ ਦਿਨ ਦਿੱਲੀ ਵੱਲ ਕਿਸਾਨਾਂ ਦੇ ਕੂਚ ਦੌਰਾਨ ਖਨੌਰੀ ਬਾਰਡਰ 'ਤੇ ਪੰਜਾਬ ਦੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਹੋਈ ਮੌਤ 'ਤੇ ਗੁੱਸਾ ਜ਼ਾਹਰ ਕਰਦਿਆਂ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਜਲੰਧਰ ਤੋਂ ਫਿਲੌਰ ਵੱਲ ਜਾਣ ਵਾਲੇ ਸਤਲੁਜ ਦਰਿਆ ਦੇ ਨੇੜੇ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ਨੂੰ ਦੋਵੇਂ ਪਾਸੇ ਤੋਂ ਜਾਮ ਕਰ ਦਿੱਤਾ ਜਿਸ ਕਾਰਨ ਹਾਈਵੇਅ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਹਾਲਾਂਕਿ ਕਿਸਾਨ ਫੌਜ, ਮਰੀਜ਼ਾਂ, ਵਿਦਿਆਰਥੀਆਂ ਆਦਿ ਦੇ ਵਾਹਨਾਂ ਨੂੰ ਛੋਟ ਦਿੱਤੀ ਜਾ ਰਹੀ ਹੈ।
ਜਥੇਦਾਰ ਨੇ ਕੀਤਾ ਦੁੱਖ ਦਾ ਪ੍ਰਗਟਾਵਾ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਖਨੌਰੀ ਸਰਹੱਦ 'ਤੇ ਗੋਲੀਬਾਰੀ 'ਚ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਗਿਆਨੀ ਰਘਬੀਰ ਸਿੰਘ ਨੇ ਇਸ ਸਮੁੱਚੀ ਘਟਨਾ ਦੀ ਤੁਲਨਾ ਜਲ੍ਹਿਆਂਵਾਲਾ ਬਾਗ ਵਿੱਚ ਭਾਰਤੀਆਂ ’ਤੇ ਅੰਗਰੇਜ਼ਾਂ ਵੱਲੋਂ ਕੀਤੇ ਅੱਤਿਆਚਾਰ ਨਾਲ ਕੀਤੀ ਹੈ। ਉਨ੍ਹਾਂ ਕਿਹਾ ਕਿ ਖਨੌਰੀ ਨੇੜੇ ਕਿਸਾਨਾਂ 'ਤੇ ਪੁਲਿਸ ਵੱਲੋਂ ਸਿੱਧੀ ਗੋਲੀਬਾਰੀ ਕਾਰਨ ਇੱਕ ਪੰਜਾਬੀ ਨੌਜਵਾਨ ਦੀ ਮੌਤ ਅਤੇ ਕਈਆਂ ਦੇ ਗੰਭੀਰ ਜ਼ਖਮੀ ਹੋਣ ਦੀ ਘਟਨਾ ਬਹੁਤ ਹੀ ਦੁਖਦਾਈ ਹੈ। ਇਹ ਕਿਸਾਨ ਉਹ ਹਨ ਜੋ ਦੇਸ਼ ਦਾ ਢਿੱਡ ਭਰਦੇ ਹਨ, ਦੂਜੇ ਦੇਸ਼ਾਂ ਦੇ ਘੁਸਪੈਠੀਏ ਨਹੀਂ, ਜਿਨ੍ਹਾਂ ਦੇ ਸਿਰ ਅਤੇ ਛਾਤੀਆਂ ਸਰਕਾਰਾਂ ਗੋਲੀਆਂ ਚਲਾ ਕੇ ਵਿੰਨ੍ਹ ਰਹੀਆਂ ਹਨ। ਸਰਕਾਰਾਂ ਵੱਲੋਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਦਿੱਲੀ ਜਾ ਰਹੇ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਰੋਕਣਾ ਅੰਗਰੇਜ਼ਾਂ ਵੱਲੋਂ ਜਲ੍ਹਿਆਂਵਾਲਾ ਬਾਗ ਵਿੱਚ ਭਾਰਤੀਆਂ 'ਤੇ ਕੀਤੇ ਗਏ ਜ਼ੁਲਮਾਂ ਤੋਂ ਘੱਟ ਨਹੀਂ ਹੈ।
ਕਾਤਲਾਂ ਖ਼ਿਲਾਫ਼ ਦਰਜ ਕੀਤੀ ਜਾਵੇਗੀ FIR
ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਜ਼ਿੰਮੇਵਾਰ ਲੋਕਾਂ ਦੇ ਖਿਲਾਫ਼ ਐਫ.ਆਈ.ਆਰ. ਦਰਜ ਕੀਤੀ ਜਾਵੇਗੀ ਅਤੇ ਇਨ੍ਹਾਂ ਲੋਕਾਂ ਨੂੰ ਮਿਸਾਲੀ ਸਜ਼ਾ ਦਿਵਾਈ ਜਾਵੇਗੀ। ਭਗਵੰਤ ਮਾਨ ਨੇ ਕਿਹਾ ਇਸ ਨੌਜਵਾਨ ਦੀ ਮੌਤ ਕੇਂਦਰ ਅਤੇ ਹਰਿਆਣਾ ਸਰਕਾਰ ਦੇ ਆਪਹੁਦਰੇਪਣ ਦਾ ਨਤੀਜਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ, “ਮੈਂ ਤਾਂ ਆਪਣੇ ਪੱਧਰ ਉਤੇ ਪੂਰੀ ਵਾਹ ਲਾ ਦਿੱਤੀ ਤਾਂ ਕਿ ਸਾਡੇ ਕਿਸਾਨਾਂ ਅਤੇ ਨੌਜਵਾਨਾਂ ਨੂੰ ਗੋਲੀਆਂ, ਪਾਣੀ ਦੀਆਂ ਬੁਛਾੜਾਂ, ਅੱਥਰੂ ਗੈਸ ਦੇ ਗੋਲੇ ਅਤੇ ਹੋਰ ਕਾਰਵਾਈ ਦਾ ਸਾਹਮਣਾ ਨਾ ਕਰਨਾ ਪਵੇ। ਮੈਂ ਤਾਂ ਕਿਸਾਨਾਂ ਅਤੇ ਕੇਂਦਰ ਦਰਮਿਆਨ ਪੁਲ ਦਾ ਕੰਮ ਕੀਤਾ ਤਾਂ ਕਿ ਗੱਲ ਕਿਸੇ ਤਣ-ਪੱਤਣ ਲੱਗ ਸਕੇ ਪਰ ਬਦਕਿਸਮਤੀ ਨਾਲ ਗੱਲ ਸਿਰੇ ਨਹੀਂ ਚੜ੍ਹੀ।”