Jalandhar News: ਜਲੰਧਰ ਵਿੱਚ ਦਿੱਲੀ ਮੋਰਚੇ ਵਾਲਾ ਹਾਲਾਤ ਬਣਦੇ ਜਾ ਰਹੇ ਹਨ। ਫਗਵਾੜਾ ਨੇੜੇ ਜੀਟੀ ਰੋਡ ਉੱਪਰ ਕਿਸਾਨਾਂ ਦੇ ਧਰਨੇ ਦਾ ਅੱਜ ਚੌਥਾ ਦਿਨ ਹੈ। ਕਿਸਾਨਾਂ ਨੇ ਪੱਕਾ ਮੋਰਚਾ ਲਾ ਲਿਆ ਹੈ। ਸੜਕ ਉੱਪਰ ਹੀ ਲੰਗਰ ਪੱਕ ਰਹੇ ਹਨ। ਠੰਢੀਆਂ ਰਾਤਾਂ ਵਿੱਚ ਕਿਸਾਨ ਸੜਕ ਉੱਪਰ ਹੀ ਸੌਂ ਰਹੇ ਹਨ। ਕਿਸਾਨਾਂ ਨੇ ਜਲੰਧਰ ਨੇੜੇ ਨਵੀਂ ਦਿੱਲੀ-ਜੰਮੂ ਨੈਸ਼ਨਲ ਹਾਈਵੇਅ ਤੇ ਰੇਲਵੇ ਟ੍ਰੈਕ ਜਾਮ ਕਰ ਦਿੱਤਾ ਹੈ। ਕਿਸਾਨ ਗੰਨੇ ਦੇ ਰੇਟ ਵਧਾਉਣ ਤੇ ਹੋਰ ਮੰਗਾਂ ਨੂੰ ਲੈ ਕੇ ਸੜਕ ’ਤੇ ਧਰਨਾ ਲਾਈ ਬੈਠੇ ਹਨ। ਦੂਜੇ ਪਾਸੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਨਾਲ ਗੱਲਬਾਤ ਲਈ ਅਜੇ ਤੱਕ ਕੋਈ ਪਹਿਲਕਦਮੀ ਨਹੀਂ ਕੀਤੀ।
ਉਧਰ, ਹਾਈਵੇਅ ਤੇ ਰੇਲਵੇ ਟਰੈਕ ਜਾਮ ਹੋਣ ਕਾਰਨ ਸੈਂਕੜੇ ਲੋਕ ਪ੍ਰੇਸ਼ਾਨ ਹੋ ਰਹੇ ਹਨ। ਰੇਲਵੇ ਟ੍ਰੈਕ ਜਾਮ ਕਰਨ ਮਗਰੋਂ ਸਵਰਨ ਸ਼ਤਾਬਦੀ ਸਮੇਤ ਦਰਜਨਾਂ ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਜਾਂ ਉਨ੍ਹਾਂ ਦੇ ਰੂਟ ਬਦਲੇ ਹਨ। ਕਿਸਾਨਾਂ ਨੇ ਸੜਕਕ ਤੋਂ ਬਾਅਦ ਅਣਮਿੱਥੇ ਸਮੇਂ ਲਈ ਰੇਲਵੇ ਟ੍ਰੈਕ ਵੀ ਜਾਮ ਕਰ ਦਿੱਤਾ ਹੈ। ਲੁਧਿਆਣਾ ਵੱਲ ਜਾਂਦੇ ਸਮੇਂ ਪੀਏਪੀ ਚੌਕ ਤੋਂ ਕੁਝ ਦੂਰੀ ’ਤੇ ਧੰਨੋਵਾਲੀ ਫਾਟਕ ਨੇੜੇ ਕਿਸਾਨਾਂ ਨੇ ਰੇਲਵੇ ਟ੍ਰੈਕ ਤੇ ਨੈਸ਼ਨਲ ਹਾਈਵੇਅ ਨੂੰ ਬੰਦ ਕੀਤਾ ਹੋਇਆ ਹੈ।
ਹਾਲਾਂਕਿ ਦੇਰ ਰਾਤ ਤੋਂ ਬਾਅਦ ਕਿਸਾਨਾਂ ਵੱਲੋਂ ਹਾਈਵੇਅ ਦੀ ਸਰਵਿਸ ਲੇਨ ਨੂੰ ਖੋਲ੍ਹ ਦਿੱਤਾ ਗਿਆ। ਇਸ ਤੋਂ ਬਾਅਦ ਆਵਾਜਾਈ ਸੁਚਾਰੂ ਢੰਗ ਨਾਲ ਚੱਲਣ ਲੱਗੀ। ਜਿੱਥੇ ਕਿਸਾਨ ਹੜਤਾਲ ’ਤੇ ਬੈਠੇ ਹਨ, ਉੱਥੇ ਰੋਜ਼ਾਨਾ ਕਰੀਬ 150 ਰੇਲ ਗੱਡੀਆਂ ਦੀ ਆਵਾਜਾਈ ਹੁੰਦੀ ਹੈ। ਹੁਣ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਟ੍ਰੇਨ ਫੜਨ ਵਾਲੇ ਯਾਤਰੀਆਂ ਨੂੰ ਫਗਵਾੜਾ ਤੇ ਲੁਧਿਆਣਾ ਤੋਂ ਟ੍ਰੇਨ ਫੜਨੀ ਪੈ ਰਹੀ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ ਤੋਂ ਯਾਤਰੀਆਂ ਨੂੰ ਫਗਵਾੜਾ ਤੇ ਲੁਧਿਆਣਾ ਵੀ ਟ੍ਰੇਨ ਫੜਨ ਲਈ ਜਾਣਾ ਪਵੇਗਾ।
ਹਾਸਲ ਜਾਣਕਾਰੀ ਮੁਤਾਬਕ ਹੁਣ ਤੱਕ ਕਰੀਬ 142 ਟ੍ਰੇਨਾਂ ਪ੍ਰਭਾਵਿਤ ਹੋਈਆਂ ਹਨ, ਜਿਨ੍ਹਾਂ 'ਚ 130 ਮੇਲ-ਐਕਸਪ੍ਰੈੱਸ ਟ੍ਰੇਨਾਂ ਤੇ 12 ਲੋਕਲ ਟ੍ਰੇਨਾਂ ਸ਼ਾਮਲ ਹਨ। ਕੁੱਲ 63 ਟ੍ਰੇਨਾਂ ਦੇ ਰੂਟ ਬਦਲੇ ਗਏ ਹਨ। ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ ਆਉਣ ਵਾਲੀਆਂ ਕੁੱਲ 51 ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ ਲਈ ਵੀ ਦਰਜਨਾਂ ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਹ ਰੇਲ ਗੱਡੀਆਂ ਲੁਧਿਆਣਾ ਤੋਂ ਅੱਗੇ ਚੱਲਣਗੀਆਂ।