Punjab News ਪੰਜਾਬ ਵਿੱਚ ਕਿਸਾਨ ਅੰਦੋਲਨ ਹੋਰ ਹਿੰਸਕ ਹੁੰਦਾ ਜਾ ਰਿਹਾ ਹੈ। ਗੰਨੇ ਦਾ ਰੇਟ ਵਧਾਉਣ ਲਈ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ। ਇਸ ਤੋਂ ਪਹਿਲਾਂ ਕਿਸਾਨਾਂ ਨੇ ਜਲੰਧਰ ਵਿੱਚ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ ਸੀ। ਹੁਣ ਉਨ੍ਹਾਂ ਨੇ ਰੇਲਵੇ ਟਰੈਕ 'ਤੇ ਜਾ ਕੇ ਧਰਨਾ ਦਿੱਤਾ ਹੈ ਜਿਸ ਤੋਂ ਬਾਅਦ ਟਰੇਨਾਂ ਪ੍ਰਭਾਵਿਤ ਹੋਣ ਲੱਗੀਆਂ ਹਨ। ਰੇਲਵੇ ਮੁਤਾਬਕ ਇਸ ਟ੍ਰੈਕ ਤੋਂ ਰੋਜ਼ਾਨਾ ਕਰੀਬ 120 ਟਰੇਨਾਂ ਲੰਘਦੀਆਂ ਹਨ। ਵੀਰਵਾਰ ਨੂੰ 40 ਟਰੇਨਾਂ ਪਹਿਲਾਂ ਹੀ ਰਵਾਨਾ ਹੋ ਚੁੱਕੀਆਂ ਸਨ ਪਰ ਹੁਣ ਰੇਲਵੇ ਅਧਿਕਾਰੀਆਂ ਨੇ 80 ਟਰੇਨਾਂ ਨੂੰ ਡਾਇਵਰਟ ਕਰਨ ਲਈ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।
ਰੇਲਵੇ ਟਰੈਕ ਉੱਤੇ ਧਰਨਾ ਦੇਣ ਦੇ ਖ਼ਦਸ਼ੇ ਨੂੰ ਦੇਖਦਿਆਂ ਹੋਇਆਂ ਪਹਿਲਾਂ ਹੀ ਭਾਰੀ ਪੁਲਿਸ ਬਲ ਤੈਨਾਤ ਕਰ ਦਿੱਤਾ ਸੀ ਪਰ ਵੱਡੀ ਗਿਣਤੀ ਵਿੱਚ ਕਿਸਾਨਾਂ ਦੇ ਪਹੁੰਚਦਿਆਂ ਹੀ ਪੁਲਿਸ ਬਲ ਉਨ੍ਹਾਂ ਨੂੰ ਰੋਕ ਨਹੀਂ ਸਕਿਆ ਤੇ ਉਨ੍ਹਾਂ ਨੇ ਰੇਲਵੇ ਟਰੈਕ ਉੱਤੇ ਜਾ ਕੇ ਧਰਨਾ ਦੇਣਾ ਸ਼ੁਰੂ ਕਰ ਦਿੱਤਾ। ਜ਼ਿਕਰ ਕਰ ਦਈਏ ਕਿ ਜਲੰਧਰ ਦੇ ਧੰਨੋ ਵਾਲੀ ਦੇ ਨੇੜੇ ਕਿਸਾਨ ਪਿਛਲੇ 3 ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਹਨ ਜਿਸ ਵੀ ਵਜ੍ਹਾ ਕਰਕੇ ਦਿੱਲੀ-ਜੰਮੂ ਹਾਈਵੇ ਪੂਰਾ ਤਰ੍ਹਾਂ ਨਾਲ ਬੰਦ ਹੋ ਗਿਆ ਹੈ।
ਫਗਵਾੜਾ ਵਿੱਚ ਸ਼ਤਾਬਦੀ ਨੂੰ ਰੋਕਿਆ ਗਿਆ
ਕਿਸਾਨਾਂ ਨੂੰ ਰੇਲਵੇ ਟਰੈਕ ਉੱਤੇ ਬੈਠਣ ਤੋਂ ਬਾਅਦ ਲਗਾਤਾਰ ਟਰੇਨਾਂ ਪ੍ਰਭਾਵਿਤ ਹੋ ਰਹੀਆਂ ਹਨ। ਕਪੂਰਥਲਾ ਦੇ ਫਗਵਾੜਾ ਵਿੱਚ ਸ਼ਤਾਬਦੀ ਐਕਸਪ੍ਰੈਸ ਨੂੰ ਰੋਕਿਆ ਗਿਆ ਹੈ। ਉੱਥੇ ਹੀ ਜਲੰਧਰ ਕੈਂਟ ਰੇਲਵੇ ਸਟੇਸ਼ਨ ਦੇ ਨੇੜੇ ਪ੍ਰਦਰਸ਼ਨ ਹੋਣ ਕਰਕੇ ਅਮਰਪਾਲੀ ਐਕਸਪ੍ਰੈਸ ਨੂੰ ਰੋਕਿਆ ਗਿਆ ਹੈ।
ਧਰਨਾ ਦੇਣ ਵਾਲੇ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਗੰਨੇ ਦਾ ਰੇਟ ਵਧਾਉਣ ਦੀ ਮੰਗ ਨੂੰ ਮੰਨ ਨਹੀਂ ਲੈਦੀਂ ਉਦੋਂ ਤੱਕ ਪ੍ਰਦਰਸ਼ਨ ਜਾਰੀ ਰੱਖਿਆ ਜਾਵੇਗਾ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ 26 ਨਵੰਬਰ ਨੂੰ ਚੰਡੀਗੜ੍ਹ ਕੂਚ ਦਾ ਪ੍ਰਗੋਰਾਮ ਉਲੀਕਿਆ ਗਿਆ ਹੈ।
ਜ਼ਿਕਰ ਕਰ ਦਈਏ ਕਿ ਹਾਈਵੇ ਜਾਮ ਕਰ ਕਿਸਾਨਾਂ ਨੂੰ ਲੈ ਕੇ ਮੁੱਖ ਮੰਤਰੀ ਵੀ ਅਪੀਲ ਕੀਤੀ ਗਈ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੇਰੀ ਕਿਸਾਨ ਯੂਨੀਅਨਾਂ ਨੂੰ ਬੇਨਤੀ ਹੈ ਕਿ ਹਰ ਗੱਲ ਤੇ ਸੜਕਾਂ ਰੋਕ ਕੇ ਆਮ ਲੋਕਾਂ ਨੂੰ ਆਪਣੇ ਵਿਰੁੱਧ ਨਾ ਕਰੋ..ਸਰਕਾਰ ਨਾਲ ਗੱਲ ਕਰਨ ਲਈ ਚੰਡੀਗੜ੍ਹ ਦਾ ਪੰਜਾਬ ਭਵਨ, ਸੈਕਟਰੀਏਟ, ਖੇਤੀਬਾੜੀ ਮੰਤਰੀ ਦਾ ਦਫ਼ਤਰ ਅਤੇ ਮੇਰਾ ਦਫ਼ਤਰ ਤੇ ਘਰ ਹੈ .. ਨਾ ਕੇ ਸੜਕਾਂ..ਜੇ ਇਹੀ ਰਵੱਈਆ ਰਿਹਾ ਤਾਂ ਉਹ ਦਿਨ ਦੂਰ ਨਹੀਂ ਕਿ ਜਦੋਂ ਤੁਹਾਨੂੰ ਧਰਨੇ ਵਾਸਤੇ ਬੰਦੇ ਨਹੀਂ ਲੱਭਣੇ..ਲੋਕਾਂ ਦੀਆਂ ਭਾਵਨਾਵਾਂ ਸਮਝੋ ..