Jalandhar News: ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਰਵੱਈਏ ਨੂੰ ਕਿਸਾਨ ਵਿਰੋਧੀ, ਕਿਸਾਨ ਮੁੱਦਿਆਂ ਦੇ ਵਿਰੋਧੀ ਤੇ ਗੈਰਜ਼ਿੰਮੇਵਾਰਾਨਾ ਕਰਾਰ ਦਿੱਤਾ ਹੈ। ਐਸਕੇਐਮ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਭਗਵੰਤ ਮਾਨ ਕਿਸਾਨਾਂ ਨਾਲ ਵਾਅਦੇ ਕਰਕੇ ਆਏ ਸਨ ਕਿ ਉਨ੍ਹਾਂ ਦੀ ਸਰਕਾਰ ਬਣਨ ’ਤੇ ਕਿਸੇ ਨੂੰ ਧਰਨੇ ਲਗਾਉਣ ਦੀ ਲੋੜ ਨਹੀਂ ਪਵੇਗੀ, ਪਰ ਮੁੱਖ ਮੰਤਰੀ ਬਣਦੇ ਹੀ ਕਿਸਾਨਾਂ ਦੇ ਮਸਲੇ ਭੁੱਲ ਗਏ ਹਨ। 



ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਦੇ ਦਰਵਾਜ਼ੇ ਹਰ ਆਮ ਬੰਦੇ ਲਈ ਖੁੱਲ੍ਹੇ ਹਨ, ਪਰ ਹਾਲੇ ਤੱਕ ਉਨ੍ਹਾਂ ਨੇ ਕਿਸਾਨੀ ਦੇ ਮੁੱਦਿਆਂ ਬਾਰੇ ਕਿਸਾਨ ਜਥੇਬੰਦੀਆਂ ਨਾਲ ਕੋਈ ਮੀਟਿੰਗ ਨਹੀਂ ਕੀਤੀ। ਇਸ ਦਾ ਜਵਾਬ ਅਗਾਮੀ ਲੋਕ ਸਭਾ ਚੋਣਾਂ ਵਿੱਚ ਕਿਸਾਨ ਜ਼ਰੂਰ ਦੇਣਗੇ।



ਦੱਸ ਦਈਏ ਕਿ ਫਗਵਾੜਾ ਨੇੜੇ ਕਿਸਾਨਾਂ ਵੱਲੋਂ ਗੰਨੇ ਦਾ ਭਾਅ ਵਧਾਉਣ ਤੇ ਹੋਰਨਾਂ ਮੰਗਾਂ ਸਬੰਧੀ ਕੌਮੀ ਮਾਰਗ ਜਾਮ ਕੀਤਾ ਹੋਇਆ ਹੈ। ਇਸ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨ ਯੂਨੀਅਨਾਂ ਨੂੰ ਧਰਨੇ ਨਾ ਲਾਉਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਯੂਨੀਅਨਾਂ ਸੂਬੇ ਵਿੱਚ ਸੜਕਾਂ ਰੋਕ ਕੇ ਆਮ ਲੋਕਾਂ ਨੂੰ ਬਿਨਾਂ ਵਜ੍ਹਾ ਤੋਂ ਖੱਜਲ ਖੁਆਰ ਨਾ ਕਰਨ। ਮੁੱਖ ਮੰਤਰੀ ਨੇ ਟਵੀਟ ਕਰਕੇ ਕਿਹਾ ਕਿ ਜੇ ਕਿਸਾਨਾਂ ਨੇ ਮੰਗਾਂ ਪੂਰੀਆਂ ਨਾ ਹੋਣ ’ਤੇ ਸੜਕਾਂ ਜਾਮ ਕਰਨ ਦੀ ਰਵਾਇਤ ਬੰਦ ਨਾ ਕੀਤੀ ਤਾਂ ਇੱਕ ਦਿਨ ਅਜਿਹਾ ਆਵੇਗਾ ਜਦੋਂ ਲੋਕ ਉਨ੍ਹਾਂ ਪ੍ਰਤੀ ਹਮਦਰਦੀ ਦਿਖਾਉਣੀ ਬੰਦ ਕਰ ਦੇਣਗੇ। 



ਜ਼ਿਕਰਯੋਗ ਹੈ ਕਿ ਸੰਯੁਕਤ ਕਿਸਾਨ ਮੋਰਚਾ ਦੇ ਬੈਨਰ ਹੇਠ ਕਿਸਾਨਾਂ ਨੇ ਮੰਗਲਵਾਰ ਨੂੰ ਗੰਨੇ ਦੇ ਭਾਅ ਵਿੱਚ ਵਾਧੇ ਲਈ ਜਲੰਧਰ-ਨਵੀਂ ਦਿੱਲੀ ਕੌਮੀ ਸ਼ਾਹਰਾਹ ’ਤੇ ਪਿੰਡ ਧਨੋਵਾਲੀ ਨੇੜੇ ਅਣਮਿੱਥੇ ਸਮੇਂ ਲਈ ਧਰਨਾ ਲਗਾ ਦਿੱਤਾ ਸੀ। ਕਿਸਾਨਾਂ ਦਾ ਧਰਨਾ ਅੱਜ ਤੀਜੇ ਦਿਨ ਵੀ ਜਾਰੀ ਰਿਹਾ। ਮੁੱਖ ਮੰਤਰੀ ਦੀਆਂ ਅਜਿਹੀਆਂ ਟਿੱਪਣੀਆਂ ਤੋਂ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਕਾਫੀ ਨਾਰਾਜ਼ ਹਨ। ਮੁੱਖ ਮੰਤਰੀ ਨੇ ਇਹ ਟਿੱਪਣੀ ਉਸ ਸਮੇਂ ਕੀਤੀ ਹੈ ਜਦੋਂ ਕਿਸਾਨਾਂ ਨੇ ਇਕ ਪਾਸੇ ਕੌਮੀ-ਸ਼ਾਹ ਮਾਰਗ ਨੂੰ ਜਾਮ ਕੀਤਾ ਹੋਇਆ ਸੀ, ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਅਗਾਮੀ ਸੰਘਰਸ਼ ਦੀ ਵਿਉਂਤਬੰਦੀ ਘੜਨ ਲਈ ਚੰਡੀਗੜ੍ਹ ਕਿਸਾਨ ਭਵਨ ਵਿੱਚ ਮੀਟਿੰਗ ਕੀਤੀ ਗਈ।