Jalandhar News: ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਵਿਚ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਇਕ ਹੋਰ ਖੁਫੀਆ ਮੁਹਿੰਮ ਦੌਰਾਨ ਖ਼ਤਰਨਾਕ ਗੈਂਗਸਟਰ ਲਖਬੀਰ ਸਿੰਘ ਲੰਡਾ ਦੇ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਤਿੰਨ ਨੂੰ ਗਿ੍ਫ਼ਤਾਰ ਕਰਕੇ 17 ਹਥਿਆਰ ਅਤੇ 33 ਮੈਗਜ਼ੀਨ ਬਰਾਮਦ ਕੀਤੇ ਹਨ | 


ਵੇਰਵਿਆਂ ਦਾ ਖੁਲਾਸਾ ਕਰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹ ਬਹੁਤ ਹੀ ਭਰੋਸੇਯੋਗ ਸੂਤਰਾਂ ਤੋਂ ਮਿਲੀ ਸੂਚਨਾ ਦੇ ਆਧਾਰ 'ਤੇ ਸੱਤ ਦਿਨਾਂ ਤੱਕ ਚੱਲਿਆ ਆਪ੍ਰੇਸ਼ਨ ਸੀ। ਉਨ੍ਹਾਂ ਕਿਹਾ ਕਿ ਪੁਲਿਸ ਨੇ ਇਸ ਰੈਕੇਟ ਦਾ ਪਰਦਾਫਾਸ਼ ਕਰਨ ਲਈ ਜਾਲ ਵਿਛਾਇਆ ਸੀ ਜਿਸ ਤਹਿਤ ਤਿੰਨ ਅਪਰਾਧੀਆਂ ਜਿਹਨਾਂ ਦੀ ਪਛਾਣ ਕੁਨਾਲ, ਗੁਰਲਾਲ ਅਤੇ ਪਰਵੇਜ਼ ਵਜੋਂ ਹੋਈ ਹੈ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ।


 ਸਵਪਨ ਸ਼ਰਮਾ ਨੇ ਦੱਸਿਆ ਕਿ ਕੁਣਾਲ ਫਿਰੋਜ਼ਪੁਰ ਦਾ ਵਸਨੀਕ ਹੈ ਅਤੇ ਉਸ ਖ਼ਿਲਾਫ਼ ਅਸਲਾ ਐਕਟ, ਕਤਲ ਦੀ ਕੋਸ਼ਿਸ਼ ਅਤੇ ਨਸ਼ਾ ਤਸਕਰੀ ਦੇ ਸੱਤ ਮੁਕੱਦਮੇ ਪੈਂਡਿੰਗ ਹਨ, ਉਨ੍ਹਾਂ ਦੱਸਿਆ ਕਿ ਗੁਰਲਾਲ ਅਤੇ ਪਰਵੇਜ਼ ਪੱਟੀ ਵਾਸੀ ਚਚੇਰੇ ਭਰਾ ਹਨ ਅਤੇ 20 ਸਾਲਾਂ ਦੇ ਕਰੀਬ ਹਨ।


ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਹਥਿਆਰਾਂ ਦੀ ਸਪਲਾਈ ਮੱਧ ਪ੍ਰਦੇਸ਼ ਦੇ ਇੰਦੌਰ ਵਾਸੀ ਕੁਨਾਲ ਵੱਲੋਂ ਕੀਤੀ ਜਾਂਦੀ ਸੀ। ਉਨ੍ਹਾਂ ਅੱਗੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਗੁਰਲਾਲ ਦਾ ਭਰਾ ਸ਼ਰਨਜੀਤ, ਜੋ ਇਸ ਸਮੇਂ ਜੇਲ 'ਚ ਬੰਦ ਹੈ, ਦੀ ਅਮਰੀਕਾ ਰਹਿੰਦੇ ਗੈਂਗਸਟਰਾਂ ਗੁਰਦੇਵ ਗਿੱਲ ਅਤੇ ਲਖਬੀਰ ਸਿੰਘ ਲੰਡਾ ਨਾਲ ਨੇੜਤਾ ਹੈ, ਜੋ ਕਿ ਫਿਰੌਤੀ ਅਤੇ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਹਨ। ਸਵਪਨ ਸ਼ਰਮਾ ਨੇ ਦੱਸਿਆ ਕਿ ਲੰਡਾ ਅਤੇ ਗਿੱਲ ਇਸ ਰੈਕੇਟ ਦੇ ਹੈਂਡਲਰ ਹਨ ਅਤੇ ਕਿਹਾ ਕਿ ਇੰਦੌਰ ਦੇ ਕੁਨਾਲ ਨੂੰ ਉਨ੍ਹਾਂ ਵੱਲੋਂ ਹਵਾਲਾ ਚੈਨਲ ਰਾਹੀਂ ਦੇਸੀ ਹਥਿਆਰ ਖਰੀਦਣ ਲਈ ਪੈਸੇ ਦਿੱਤੇ ਗਏ ਸਨ।


ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੇ .32 ਬੋਰ ਦੇ 12 ਪਿਸਤੌਲ, 5.34 ਬੋਰ ਦੇ ਪੰਜ ਪਿਸਤੌਲ, 33 ਮੈਗਜ਼ੀਨ ਅਤੇ 20 ਜਿੰਦਾ ਕਾਰਤੂਸ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਹਥਿਆਰ ਤਰਨਤਾਰਨ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਵੱਖ-ਵੱਖ ਥਾਵਾਂ ਤੋਂ ਜ਼ਬਤ ਕੀਤੇ ਗਏ ਹਨ ਅਤੇ ਇਹ ਹਥਿਆਰ ਮੋਗਾ, ਫਿਰੋਜ਼ਪੁਰ ਅਤੇ ਤਰਨਤਾਰਨ ਜ਼ਿਲ੍ਹਿਆਂ ਵਿੱਚ ਫੈਲੇ ਲੰਡਾ ਦੇ ਸਾਥੀਆਂ ਲਈ ਸਨ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।