Jalandhar News: ਦੇਸ਼ ਭਗਤ ਯਾਦਗਾਰ ਹਾਲ ਵਿੱਚ 30 ਅਕਤੂਬਰ ਤੋਂ ਕਰਵਾਇਆ ਜਾ ਰਿਹਾ 31ਵਾਂ ਤਿੰਨ ਦਿਨਾਂ ‘ਮੇਲਾ ਗ਼ਦਰੀ ਬਾਬਿਆਂ ਦਾ’ ਸਾਮਰਾਜੀ ਤੇ ਫ਼ਿਰਕੂ ਫਾਸ਼ੀ ਹੱਲੇ ਖਿਲਾਫ਼ ਜੂਝਦੀਆਂ ਲਹਿਰਾਂ ਦੇ ਸੰਗਰਾਮੀਆਂ ਨੂੰ ਸਮਰਪਿਤ ਹੋਵੇਗਾ। ਮੇਲਾ ਗ਼ਦਰੀ ਬਾਬਿਆਂ ਦਾ 30 ਅਕਤੂਬਰ ਤੋਂ 2 ਨਵੰਬਰ ਸਰਘੀ ਵੇਲੇ ਤੱਕ ਜੋਸ਼-ਖਰੋਸ਼ ਨਾਲ ਮਨਾਇਆ ਜਾਵੇਗਾ। 


ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਕਾਰਜਕਾਰੀ ਜਨਰਲ ਸਕੱਤਰ ਡਾ. ਪਰਮਿੰਦਰ ਸਿੰਘ ਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਇਹ ਮੇਲਾ ਸਾਮਰਾਜੀ ਤੇ ਦੇਸੀ ਬਹੁ-ਕੌਮੀ ਕੰਪਨੀਆਂ, ਫ਼ਿਰਕੂ ਤੇ ਫਾਸ਼ੀ ਹੱਲੇ ਤੇ ਬੁੱਧੀਜੀਵੀਆਂ ਤੇ ਪੱਤਰਕਾਰਾਂ ਨੂੰ ਚੋਣਵਾਂ ਨਿਸ਼ਾਨੇ ਬਣਾਏ ਜਾਣ ਦੇ ਮਾਰੂ ਹਮਲਿਆਂ ਨੂੰ ਪਛਾੜਨ ਲਈ ਸੰਘਰਸ਼ ਦੇ ਮੈਦਾਨ ’ਚ ਨਿਤਰੀਆਂ ਲਹਿਰਾਂ ਤੇ ਉਨ੍ਹਾਂ ਲਹਿਰਾਂ ’ਚ ਅਥਾਹ ਕੁਰਬਾਨੀਆਂ ਕਰ ਰਹੇ ਜੁਝਾਰੂਆਂ ਦੀ ਸ਼ਾਨਾਮੱਤੀ ਭੂਮਿਕਾ ਤੋਂ ਪ੍ਰੇਰਨਾ ਲੈਂਦਿਆਂ ਲੋਕਾਂ ਨੂੰ ਜਨਤਕ ਲਹਿਰ ਉਸਾਰਨ ਦਾ ਪੈਗ਼ਾਮ ਦੇਵੇਗਾ। 


ਤਿੰਨ ਰੋਜ਼ਾ ਮੇਲੇ ਮੌਕੇ ਦੇਸ਼ ਭਗਤ ਯਾਦਗਾਰ ਹਾਲ ਦੇ ਕੰਪਲੈਕਸ ਨੂੰ ‘ਮੁਹੰਮਦ ਸਿੰਘ ਆਜ਼ਾਦ ਨਗਰ’ ਦਾ ਨਾਂਅ ਦਿੱਤਾ ਜਾਵੇਗਾ ਅਤੇ ਪ੍ਰਮੁੱਖ ਪ੍ਰਵੇਸ਼ ਦੁਆਰ ਇਸ ਨਾਂ ’ਤੇ ਬਣਾਇਆ ਜਾਵੇਗਾ।ਉਨ੍ਹਾਂ ਦੱਸਿਆ ਕਿ ਪਹਿਲੀ ਨਵੰਬਰ ਸਵੇਰੇ 10 ਵਜੇ ਗ਼ਦਰੀ ਝੰਡਾ ਲਹਿਰਾਉਣ ਦੀ ਰਸਮ ਕਮੇਟੀ ਦੇ ਮੈਂਬਰ ਤੇ ਖੋਜੀ ਲੇਖਕ ਸੁਵਰਨ ਸਿੰਘ ਵਿਰਕ ਕਰਨਗੇ। ਕਾਰਜਕਾਰੀ ਸਕੱਤਰ ਡਾ. ਪਰਮਿੰਦਰ ਸਿੰਘ ‘ਜੀ ਆਇਆਂ’ ਕਹਿਣਗੇ ਅਤੇ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਪ੍ਰਧਾਨਗੀ ਸ਼ਬਦ ਸਾਂਝੇ ਕਰਨਗੇ। ਅਮੋਲਕ ਸਿੰਘ ਵੱਲੋਂ ਸਿਰਜਿਆ ਸੰਗੀਤ ਨਾਟ-ਓਪੇਰਾ ‘ਗ਼ਦਰ ਦਾ ਪੈਗ਼ਾਮ: ਜਾਰੀ ਰੱਖਣਾ ਸੰਗਰਾਮ’ ਝੰਡੇ ਦਾ ਗੀਤ ਸੱਤਪਾਲ ਬੰਗਾ ਪਟਿਆਲਾ ਦੀ ਨਿਰਦੇਸ਼ਨਾ ਹੇਠ ਲਗਪਗ 100 ਕਲਾਕਾਰਾਂ ਵੱਲੋਂ ਪੇਸ਼ ਕੀਤਾ ਜਾਵੇਗਾ।


ਇਸ ਦੌਰਾਨ ਅੰਮ੍ਰਿਤਸਰ ਤੋਂ ਹਰਿੰਦਰ ਸੋਹਲ ਤੇ ਸਾਥੀ ਗੀਤਾਂ ਦਾ ਖ਼ੂਬਸੂਰਤ ਰੰਗ ਪੇਸ਼ ਕਰਨਗੇ। ਗੁਜਰਾਤ ਦੇ ਨਾਮਵਰ ਕਲਾਕਾਰ ਵਿਨੈ ਅਤੇ ਚਾਰੁਲ ਗੀਤ ਪੇਸ਼ ਕਰਨਗੇ। ਇਸ ਦੌਰਾਨ ਸਮਾਜਕ-ਜਮਹੂਰੀ ਕਾਰਕੁਨ ਡਾ. ਨਵਸ਼ਰਨ ਅਤੇ ਡਾ. ਰਾਜ ਰਤਨ ਅੰਬੇਡਕਰ ਵਿਚਾਰ ਰੱਖਣਗੇ। ਇਸ ਮੌਕੇ ਗਾਂਧੀਵਾਦੀ ਆਗੂ ਹਿਮਾਂਸ਼ੂ ਕੁਮਾਰ, ਐਡਵੋਕੇਟ ਰਾਜਵਿੰਦਰ ਸਿੰਘ ਬੈਂਸ, ਮੰਗਤ ਰਾਮ ਪਾਸਲਾ, ਹਰਦੇਵ ਅਰਸ਼ੀ ਅਤੇ ਡਾ. ਪਰਮਿੰਦਰ ਵੀ ਸ਼ਿਰਕਤ ਕਰਨਗੇ। 


ਮੇਲੇ ਦਾ ਆਗਾਜ਼ 30 ਅਕਤੂਬਰ ਸਵੇਰੇ 10 ਵਜੇ ਗ਼ਦਰੀ ਬਾਬਾ ਜਵਾਲਾ ਸਿੰਘ ਹਾਲ ਵਿੱਚ ਸ਼ਮ੍ਹਾਂ ਰੌਸ਼ਨ ਕਰਕੇ ਆਜ਼ਾਦੀ ਸੰਗਰਾਮ ਦੇ ਅਮਰ ਸ਼ਹੀਦਾਂ ਨੂੰ ਸਿਜਦਾ ਕੀਤਾ ਜਾਵੇਗਾ। ਪਹਿਲੀ ਨਵੰਬਰ ਨਾਟਕਾਂ ਤੇ ਗੀਤਾਂ ਭਰੀ ਰਾਤ ਮੌਕੇ ਹੋਵੇਗੀ। ਜ਼ਿਕਰਯੋਗ ਹੈ ਕਿ ਕੁਇਜ਼ ਮੁਕਾਬਲਾ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਨੌਨਿਹਾਲ ਸਿੰਘ, ਪੇਂਟਿੰਗ ਮੁਕਾਬਲਾ ਅਮਿਤ ਜ਼ਰਫ਼, ਵਿਚਾਰ-ਚਰਚਾ ਅਵਤਾਰ ਸਿੰਘ ਜੌਹਲ ਅਤੇ ਪੁਸਤਕ ਪ੍ਰਦਰਸ਼ਨੀ ਪ੍ਰੀਤਮ ਸਿੰਘ ਦਰਦੀ ਨੂੰ ਸਮਰਪਤ ਹੋਏਗੀ।