Punjab News: ਜਲੰਧਰ ਦੇ ਸਿਵਲ ਹਸਪਤਾਲ ਦੇ ਟਰੌਮਾ ਸੈਂਟਰ ਵਿੱਚ ਐਤਵਾਰ ਰਾਤ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਆਕਸੀਜਨ ਪਲਾਂਟ ਤੋਂ 35 ਮਿੰਟ ਲਈ ਸਪਲਾਈ ਰੁਕਣ ਕਾਰਨ ICU ਵਿੱਚ ਦਾਖਲ 3 ਮਰੀਜ਼ਾਂ ਦੀ ਮੌਤ ਹੋ ਗਈ। ਕੁੱਲ 5 ਮਰੀਜ਼ਾਂ ਨੂੰ ਆਕਸੀਜਨ ਸਪਲਾਈ ਰੁਕਣ ਕਰਕੇ ਨੁਕਸਾਨ ਹੋਇਆ, ਜਿਨ੍ਹਾਂ ਵਿੱਚੋਂ 2 ਦੀ ਜਾਨ ਬਚਾ ਲਈ ਗਈ। ਇਸ ਤੋਂ ਬਾਅਦ ਵਿਰੋਧੀ ਪੰਜਾਬ ਸਰਕਾਰ ਨੂੰ ਘੇਰ ਰਹੇ ਹਨ।
ਕਾਂਗਰਸ ਦੇ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਜਲੰਧਰ ਸਿਵਲ ਹਸਪਤਾਲ ਦੇ ICU ਵਿੱਚ ਆਕਸੀਜਨ ਬੰਦ ਹੋਣ ਕਾਰਨ ਤਿੰਨ ਜਾਨਾਂ ਗਈਆਂ। ਇਹ ਕੋਈ ਤਕਨੀਕੀ ਗੜਬੜ ਨਹੀਂ ਸੀ - ਇਹ ਸਰਕਾਰੀ ਨਾਕਾਮੀ ਦਾ ਸਿੱਧਾ ਸਬੂਤ ਹੈ।
ਜਦੋਂ ਮਰੀਜ਼ ਸਾਹ ਲੈਣ ਲਈ ਤੜਫ ਰਹੇ ਸਨ, ਆਮ ਆਦਮੀ ਪਾਰਟੀ ਦੀ ਸਰਕਾਰ ਕਰੋੜਾਂ ਰੁਪਏ ਦੇ ਇਸ਼ਤਿਹਾਰਾਂ 'ਤੇ ਖ਼ਰਚ ਕਰ ਰਹੀ ਸੀ। ਜੇ ਇਹ ਪੈਸਾ ਮਸ਼ਹੂਰੀਆਂ ਦੀ ਬਜਾਏ ਆਕਸੀਜਨ ਬੈਕਅੱਪ 'ਤੇ ਲਗਾਇਆ ਜਾਂਦਾ, ਤਾਂ ਇਹ ਤਿੰਨ ਜਾਨਾਂ ਬਚ ਸਕਦੀਆਂ ਸਨ। ਹੁਣ ਜ਼ਿੰਮੇਵਾਰੀ ਕਿਸ ਦੀ ਹੋਏਗੀ?
ਇਸ ਘਟਨਾ ਤੋਂ ਬਾਅਦ ਹਸਪਤਾਲ 'ਚ ਹੰਗਾਮਾ ਹੋ ਗਿਆ ਅਤੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਭਾਰੀ ਰੋਸ ਜਤਾਇਆ। ਇਹ ਮਾਮਲਾ ਰਾਤ ਕਰੀਬ 9 ਵਜੇ ਦਾ ਹੈ। ਜਾਣਕਾਰੀ ਮਿਲਣ 'ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਕਰੀਬ ਰਾਤ 1.15 ਵਜੇ ਸਿਵਿਲ ਹਸਪਤਾਲ ਪਹੁੰਚੇ। ਉਨ੍ਹਾਂ ਨੇ ਇਸ ਮਾਮਲੇ ਨੂੰ ਲੈ ਕੇ ਬੰਦ ਕਮਰੇ 'ਚ ਡਾਕਟਰਾਂ ਨਾਲ ਮੀਟਿੰਗ ਕੀਤੀ। ਨਾਲ ਹੀ, ਰਾਤ ਨੂੰ ਡੀ.ਸੀ. ਹਿਮਾਂਸ਼ੂ ਅਗਰਵਾਲ ਵੀ ਮੌਕੇ 'ਤੇ ਪਹੁੰਚ ਗਏ।
ਮ੍ਰਿਤਕਾਂ ਦੀ ਪਹਿਚਾਣ ਅਰਚਨਾ (15), ਅਵਤਾਰ ਲਾਲ (32) ਅਤੇ ਰਾਜੂ (30) ਵਜੋਂ ਹੋਈ ਹੈ। ਅਰਚਨਾ ਨੂੰ 17 ਜੁਲਾਈ ਨੂੰ ਸੱਪ ਦੇ ਕੱਟਣ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਅਵਤਾਰ ਲਾਲ ਨੂੰ 27 ਜੁਲਾਈ ਨੂੰ ਨਸ਼ੇ ਦੀ ਓਵਰਡੋਜ਼ ਕਾਰਨ ਦਾਖਲ ਕਰਵਾਇਆ ਗਿਆ ਸੀ ਅਤੇ ਰਾਜੂ ਨੂੰ 24 ਜੁਲਾਈ ਨੂੰ ਟੀ.ਬੀ. ਦੇ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਸੀ।