Adampur airport - ਦਿਵਾਲੀ ਮੌਕੇ ਦੁਆਬੇ ਦੇ ਲੋਕਾਂ ਨੂੰ ਇੱਕ ਵੱਡਾ ਤੋਹਫ਼ਾ ਮਿਲਣ ਜਾ ਰਿਹਾ ਹੈ। ਆਦਮਪੁਰ ਹਵਾਈ ਅੱਡੇ ਤੋਂ ਉਡਾਣਾਂ ਦੀ ਸ਼ੁਰੁਆਤ ਹੋਣ ਜਾਰ ਹੀ ਹੈ। ਆਦਮਪੁਰ ਵਿਖੇ ਘਰੇਲੂ ਉਡਾਣਾਂ ਲਈ ਹਵਾਈ ਅੱਡੇ ਦੇ ਵਿਸਤਾਰ ਤੋਂ ਬਾਅਦ, ਸਪਾਈਸ ਜੈੱਟ ਦੇ ਨਾਲ ਸਟਾਰ ਲਾਈਨ ਨੇ ਆਦਮਪੁਰ ਤੋਂ ਨਵੀਂ ਦਿੱਲੀ, ਹਿੰਡਨ (ਗ੍ਰੇਟਰ ਨੋਇਡਾ), ਕੋਲਕਾਤਾ, ਨਾਂਦੇੜ ਸਾਹਿਬ ਅਤੇ ਗੋਆ ਲਈ ਉਡਾਣ ਭਰਨ ਵਿੱਚ ਦਿਲਚਸਪੀ ਦਿਖਾਈ ਹੈ। 


ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਕਿਹਾ ਕਿ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਦੀ ਸਹਿਮਤੀ ਤੋਂ ਬਾਅਦ ਹੁਣ ਸਪਾਈਸ ਜੈੱਟ ਦੇ ਨਾਲ ਸਟਾਰ ਲਾਈਨ ਏਅਰਲਾਈਨਜ਼ ਨੇ ਆਦਮਪੁਰ ਤੋਂ ਉਡਾਣ ਭਰਨ ਵਿੱਚ ਦਿਲਚਸਪੀ ਦਿਖਾਈ ਹੈ।


 ਕੇਂਦਰ ਸਰਕਾਰ ਦੁਆਬੇ ਦੇ ਯਾਤਰੀਆਂ ਨੂੰ ਦੀਵਾਲੀ ਤੋਂ ਪਹਿਲਾਂ ਆਦਮਪੁਰ ਹਵਾਈ ਅੱਡੇ ਤੋਂ ਉਡਾਣ ਦੀ ਸਹੂਲਤ ਦੇਣ ਲਈ ਦ੍ਰਿੜ ਹੈ। ਦਰਅਸਲ, 2018 ਵਿੱਚ, ਸਪਾਈਸ ਜੈੱਟ ਏਅਰਲਾਈਨਜ਼ ਨੇ ਆਦਮਪੁਰ-ਦਿੱਲੀ ਸੈਕਟਰ 'ਤੇ ਉਡਾਨ ਯੋਜਨਾ ਦੇ ਤਹਿਤ ਉਡਾਣਾਂ ਸ਼ੁਰੂ ਕੀਤੀਆਂ ਸਨ। ਇਸ ਵਿੱਚ ਪ੍ਰਤੀ ਸੀਟ ਕਿਰਾਇਆ ਅੰਮ੍ਰਿਤਸਰ ਅਤੇ ਚੰਡੀਗੜ੍ਹ ਤੋਂ ਉਡਾਣ ਭਰਨ ਵਾਲੀਆਂ ਫਲਾਈਟਾਂ ਨਾਲੋਂ ਘੱਟ ਸੀ ਅਤੇ ਪਹਿਲੀਆਂ 50% ਸੀਟਾਂ ਦਾ ਕਿਰਾਇਆ 2.5 ਹਜ਼ਾਰ ਸੀ। ਕੋਰੋਨਾ ਤੋਂ ਕੁਝ ਸਮਾਂ ਪਹਿਲਾਂ ਉਡਾਣਾਂ ਬੰਦ ਕਰ ਦਿੱਤੀਆਂ ਗਈਆਂ ਸਨ। ਇਸ ਨੂੰ ਦੁਬਾਰਾ ਚਲਾਉਣ ਦੀ ਮੰਗ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ।




ਮੋਜੂਦਾ ਸਮੇਂ ਦੇਖਿਆ ਜਾਵੇ ਤਾਂ ਸਭ ਤੋਂ ਵੱਧ ਵਿਦੇਸ਼ਾਂ ਵਿੱਚ ਪ੍ਰਵਾਸ ਦੁਆਬੇ ਦੇ ਲੋਕਾਂ ਨੇ ਕੀਤਾ ਹੈ ਅਤੇ ਲਗਾਤਾਰ ਕਰ ਵੀ ਰਹੇ ਹਨ। ਜਲੰਧਰ ਜਿਲ੍ਹਾਂ ਤਾਂ NRI's ਦਾ ਜਿਲ੍ਹਾ ਵੱਜਦਾ ਹੈ। ਇਸ ਤੋਂ ਇਲਾਵਾ ਜਲੰਧਰ ਦੇ ਨਾਲ ਲੱਗਦੇ ਕਪੂਰਥਲਾ ਅਤੇ ਹੁਸ਼ਿਆਰਪੁਰ ਤੋਂ ਵੀ ਵੱਡੀ ਤਦਾਦ ਵਿੱਚ ਪੰਜਾਬੀ ਵਿਦੇਸ਼ਾਂ ਵਿੱਚ ਬੈਠੇ ਹਨ। ਜਿੱਥੇ ਉਹਨਾਂ ਨੇ ਆਪੋ ਆਪਣੇ ਕਾਰੋਬਾਰ ਸਥਾਪਿਤ ਕਰ ਲਏ ਹਨ। 



ਇਹ ਪ੍ਰਵਾਸੀ ਪੰਜਾਬੀ ਇਸ ਸਾਲ ਵਿੱਚ ਘੱਟੋ ਘੱਟ 2 ਵਾਰ ਤਾਂ ਵਿਦੇਸ਼ ਤੋਂ ਵਾਪਸ ਆਪਣੇ ਵਤਨ ਆਉਂਦੇ ਹਨ। ਅਜਿਹੇ ਵਿੱਚ ਇਹਨਾਂ ਪ੍ਰਵਾਸੀਆਂ ਨੂੰ ਪਹਿਲਾਂ ਬੱਸ ਵਿੱਚ ਸਫ਼ਰ ਕਰਕੇ ਦਿੱਲੀ ਏਅਰਪੋਰਟ ਨੂੰ ਜਾਣਾ ਪੈਂਦਾ ਹੈ ਅਤੇ ਫਿਰ ਦਿੱਲੀ ਏਅਰਪੋਰਟ ਤੋਂ ਕੈਨੇਡਾ, ਅਮਰੀਕਾ ਜਾਂ ਯੋਰਪ ਦੇ ਦੇਸ਼ਾਂ ਨੂੰ ਉਡਾਣ ਫੜਨੀ ਪੈਂਦੀ ਹੈ। ਆਦਮਪੁਰ ਹਵਾਈ ਅੱਡਾ ਚਾਲੂ ਹੋਣ ਨਾਲ ਇਹਨਾਂ ਪ੍ਰਵਾਸੀ ਪੰਜਾਬੀਆਂ ਨੂੰ ਵੱਡੀ ਰਾਹਤ ਵੀ ਮਿਲ ਸਕਦੀ ਹੈ।