India-Canada Row: ਭਾਰਤ ਅਤੇ ਕੈਨੇਡਾ ਨਾਲ ਕੂਟਨੀਤਕ ਤਣਾਅ ਕਾਰਨ ਪੰਜਾਬ ਅੰਦਰ ਲੋਕ ਕਾਫ਼ੀ ਚਿੰਤਤ ਹਨ। ਖਾਸ ਕਰਕੇ ਵਪਾਰੀ ਵਰਗ ਫਿਰਕਾਂ ਵਿੱਚ ਹੈ। ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਾਲੇ ਚੱਲ ਰਿਹਾ ਵਿਵਾਦ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ। 


ਪੰਜਾਬ ਦੇ ਵਪਾਰੀ ਚਿੰਤਤ ਹਨ ਕਿਉਂਕਿ ਐਨਆਰਆਈ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਵਿਦੇਸ਼ਾਂ ਤੋਂ ਲੋਕ ਨਵੰਬਰ ਵਿੱਚ ਪੰਜਾਬ ਆਉਣੇ ਸ਼ੁਰੂ ਹੋ ਜਾਂਦੇ ਹਨ ਅਤੇ ਜਨਵਰੀ ਤੱਕ ਰੁਕ ਕੇ ਵਾਪਸ ਚਲੇ ਜਾਂਦੇ ਹਨ। ਇਸ ਲਈ ਪੰਜਾਬ ਵਿੱਚ ਹੋਟਲ ਇੰਡਸਟਰੀ, ਰੈਸਟੋਰੈਂਟ ਅਤੇ ਟੈਕਸਟਾਈਲ, ਟੈਕਸੀ ਡਰਾਈਵਰ ਸਮੇਤ ਕਈ ਕਾਰੋਬਾਰਾਂ ਵਿੱਚ ਜ਼ਬਰਦਸਤ ਉਛਾਲ ਹੈ। ਪਰ ਇਸ ਵਾਰ ਕਾਰੋਬਾਰੀ ਸੀਜ਼ਨ ਦੇ ਫਿੱਕੇ ਪੈਣ ਦੀ ਸੰਭਾਵਨਾ ਨੂੰ ਲੈ ਕੇ ਚਿੰਤਤ ਹਨ।


ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਤਣਾਅ ਕਾਰਨ ਭਾਰਤ ਨੇ ਕੈਨੇਡੀਅਨ ਨਾਗਰਿਕਾਂ ਨੂੰ ਵੀਜ਼ਾ ਦੇਣਾ ਬੰਦ ਕਰ ਦਿੱਤਾ ਹੈ। ਕੈਨੇਡੀਅਨ ਪਾਸਪੋਰਟ ਧਾਰਕ ਪੰਜਾਬ ਨਹੀਂ ਆ ਸਕਦੇ। ਹਾਂ, ਜੇਕਰ ਉਨ੍ਹਾਂ ਕੋਲ ਵੈਧ ਪੁਰਾਣਾ ਭਾਰਤੀ ਵੀਜ਼ਾ ਹੈ ਤਾਂ ਭਾਰਤ ਆਉਣ ਵਿੱਚ ਕੋਈ ਦਿੱਕਤ ਨਹੀਂ ਹੋਵੇਗੀ। ਪਰ ਜਿਨ੍ਹਾਂ ਕੋਲ ਭਾਰਤੀ ਵੀਜ਼ਾ ਨਹੀਂ ਹੈ, ਉਹ ਨਹੀਂ ਆ ਸਕਦੇ ਹਨ।


ਹੋਟਲ ਕਾਰੋਬਾਰ


ਜੇਕਰ ਇਸ ਵਿਵਾਦ ਨੂੰ ਜਲਦੀ ਹੱਲ ਨਾ ਕੀਤਾ ਗਿਆ ਤਾਂ ਪੰਜਾਬ ਦੀ ਇੰਡਸਟਰੀ ਖਾਸ ਕਰਕੇ ਹੋਟਲ ਇੰਡਸਟਰੀ ਨੂੰ ਵੱਡਾ ਨੁਕਸਾਨ ਉਠਾਉਣਾ ਪੈ ਸਕਦਾ ਹੈ। ਇਹ ਵਿਵਾਦ ਅਜਿਹੇ ਸਮੇਂ ਵਿਚ ਸਾਹਮਣੇ ਆਇਆ ਹੈ ਜਦੋਂ ਕਾਰੋਬਾਰਾਂ ਅਤੇ ਉਦਯੋਗਾਂ ਨੂੰ ਵਧਣ-ਫੁੱਲਣ ਦਾ ਮੌਕਾ ਮਿਲਿਆ ਸੀ। 


ਭਾਰਤ ਵਿੱਚ ਵਿਆਹ ਦਾ ਸੀਜਨ ਨਵੰਬਰ ਤੋਂ ਜਨਵਰੀ ਤੱਕ ਰਹਿੰਦਾ ਹੈ। ਇਸ ਦੌਰਾਨ NRI ਵੱਡੀ ਤਦਾਦ ਵਿੱਚ ਕੈਨੇਡਾ ਤੋਂ ਵਾਪਸ ਆਪਣੇ ਪਿੰਡਾਂ ਵਿੱਚ ਆਉਂਦੇ ਹਨ। ਹੋਟਲ ਮਾਲਕਾਂ ਦਾ ਕਹਿਣਾ ਹੈ ਕਿ ਹਰ ਸਾਲ ਵੱਡੀ ਗਿਣਤੀ ਵਿਚ ਵਿਦੇਸ਼ੀ ਨਾਗਰਿਕ ਵਿਆਹ ਕਰਵਾਉਣ ਲਈ ਪੰਜਾਬ ਆਉਂਦੇ ਹਨ। ਹੋਟਲ ਉਦਯੋਗ ਦਾ ਵਿਕਾਸ ਪ੍ਰਵਾਸੀ ਭਾਰਤੀਆਂ 'ਤੇ ਨਿਰਭਰ ਕਰਦਾ ਹੈ। ਸੂਬੇ ਦਾ ਹੋਟਲ ਉਦਯੋਗ ਪਹਿਲਾਂ ਕੋਵਿਡ-19, ਫਿਰ ਹੜ੍ਹਾਂ ਅਤੇ ਹੁਣ ਕੂਟਨੀਤਕ ਵਿਵਾਦ ਨਾਲ ਪ੍ਰਭਾਵਿਤ ਹੋਇਆ ਹੈ।


ਟੈਕਸੀ ਡਰਾਈਵਰਾਂ 'ਤੇ ਮਾਰ


ਟੈਕਸੀ ਡਰਾਈਵਰਾਂ ਦੀ ਚਿੰਤਾ ਵੀ ਵੱਧਦੀ ਜਾ ਰਹੀ ਹੈ। ਕਿਉਂਕਿ ਜਿਨ੍ਹੇ ਵੀ ਪ੍ਰਵਾਸੀ ਭਾਰਤੀ ਵਾਪਸ ਆਉਂਦੇ ਹਨ ਅਤੇ ਜਿਨਾਂ ਸਮਾਂ ਵੀ ਪੰਜਾਬ ਰਹਿੰਦੇ ਹਨ ਹਰ ਸਾਲ ਉਹਨਾਂ ਨੇ ਆਪੋ ਆਪਣੇ ਲਿੰਕ ਵਿੱਚ ਇੱਕ ਟੈਕਸੀ ਪੱਕੀ ਬੁੱਕ ਕੀਤੀ ਹੁੰਦੀ ਹੈ। ਹੁਣ ਟੈਕਸੀ ਡਰਾਈਵਰਾਂ ਦਾ ਵੀ ਕਹਿਣਾ ਹੈ ਕਿ ਸੀਜਨ ਸ਼ੁਰੂ ਹੋਣ ਵਾਲਾ ਹੈ ਪਰ ਹਾਲੇ ਤੱਕ ਕਿਸੇ ਵੀ ਪ੍ਰਵਾਸੀ ਭਾਰਤੀ ਦਾ ਫੋਨ ਤੱਕ ਨਹੀਂ ਆਇਆ। 


ਕੱਪੜਾ ਕਾਰੋਬਾਰ


ਕੱਪੜਾ ਕਾਰੋਬਾਰ ਨਾਲ ਜੁੜੇ ਲੋਕਾਂ ਅਨੁਸਾਰ ਉਨ੍ਹਾਂ ਦਾ ਕਾਰੋਬਾਰ ਪਰਵਾਸੀ ਭਾਰਤੀਆਂ ਦੇ ਰਹਿਮੋ-ਕਰਮ 'ਤੇ ਹੈ। ਦੋਆਬੇ ਵਿੱਚ ਡਿਜ਼ਾਈਨਰ ਸੂਟ ਸਪਲਾਈ ਕੀਤੇ ਜਾਂਦੇ ਹਨ, ਜਿਨ੍ਹਾਂ ਦੇ ਖਰੀਦਦਾਰ ਪ੍ਰਵਾਸੀ ਭਾਰਤੀ ਹਨ। ਇਸ ਵਾਰ ਦੁਕਾਨਦਾਰਾਂ ਨੇ ਬਹੁਤ ਘੱਟ ਆਰਡਰ ਦਿੱਤੇ ਹਨ। ਘੱਟੋ-ਘੱਟ 60 ਫੀਸਦੀ ਕਾਰੋਬਾਰ ਡਿੱਗ ਗਿਆ ਹੈ।