Jalandhar bypoll Result : ਜਲੰਧਰ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਦਬਦਬਾ ਜਾਰੀ ਹੈ। ਗਿਣਤੀ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਦੀ ਲੀਡ ਲਗਾਤਾਰ ਵੱਧ ਰਹੀ ਹੈ। ਇਸ ਵੇਲੇ ਉਹ ਕਾਂਗਰਸ ਤੋਂ 20,454  ਵੋਟਾਂ ਨਾਲ ਅੱਗੇ ਹਨ। ਇਸ ਸੀਟ 'ਤੇ 'ਆਪ' ਤੇ ਕਾਂਗਰਸ ਵਿਚਾਲੇ ਸਖਤ ਟੱਕਰ ਚੱਲ ਰਹੀ ਹੈ। ਹੁਣ ਤੱਕ  369691 ਵੋਟਾਂ ਦੀ ਗਿਣਤੀ ਹੋ ਚੁੱਕੀ ਹੈ। ਕਰੀਬ 5 ਲੱਖ ਵੋਟਾਂ ਦੀ ਗਿਣਤੀ ਹੋਣੀ ਬਾਕੀ ਹੈ।

ਸਾਢੇ ਨੌਂ ਵਜੇ ਤੱਕ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਨੂੰ 121710 ਵੋਟਾ ਮਿਲੀਆਂ। ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੂੰ 101256, ਭਾਜਪਾ ਦੇ ਇੰਦਰ ਇਕਬਾਲ ਅਟਵਾਲ ਨੂੰ 66832 ਤੇ ਅਕਾਲੀ-ਬਸਪਾ ਉਮੀਦਵਾਰ ਡਾ: ਸੁਖਵਿੰਦਰ ਸੁੱਖੀ ਨੂੰ 59307 ਵੋਟਾਂ ਮਿਲੀਆਂ।


ਦੱਸ ਦੇਈਏ ਕਿ ਕਾਂਗਰਸ ਪਾਰਟੀ ਦਾ ਗੜ੍ਹ ਮੰਨੀ ਜਾਂਦੀ ਜਲੰਧਰ ਲੋਕ ਸਭਾ ਸੀਟ ਲਈ ਹੋਈ ਜ਼ਿਮਨੀ ਚੋਣ 'ਚ 'ਆਪ', ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ 'ਚ ਚੌਤਰਫਾ ਚੋਣ ਮੁਕਾਬਲਾ ਦੇਖਣ ਨੂੰ ਮਿਲਿਆ ਹੈ। ਕਾਂਗਰਸ ਦੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਜਨਵਰੀ 'ਚ ਪਾਰਟੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ, ਜਿਸ ਕਾਰਨ ਸੀਟ 'ਤੇ ਉਪ ਚੋਣ ਹੋਈ ਸੀ।



 

ਜਲੰਧਰ ਦੀ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਵਿਰੋਧੀ ਪਾਰਟੀਆਂ ਦੇ ਲਈ ਇਹ ਸੀਟ ਵੱਕਾਰ ਦਾ ਸਵਾਲ ਬਣੀ ਹੋਈ ਹੈ। ਇਸ ਜ਼ਿਮਨੀ ਚੋਣ ਨੂੰ ਇਕ ਸਾਲ ਪੁਰਾਣੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਦੀ ਕਾਰਗੁਜ਼ਾਰੀ ਦੀ ਪਰਖ ਵਜੋਂ ਵੀ ਦੇਖਿਆ ਜਾ ਰਿਹਾ ਹੈ, ਜੋ ਮੁਫਤ ਬਿਜਲੀ, ਨੌਜਵਾਨਾਂ ਨੂੰ ਰੁਜ਼ਗਾਰ, ਠੇਕਾ ਕਰਮਚਾਰੀਆਂ ਨੂੰ ਰੈਗੂਲਰ ਕਰਨ ਅਤੇ ਭ੍ਰਿਸ਼ਟਾਚਾਰ ਖਿਲਾਫ਼ ਕਾਰਵਾਈ ਵਰਗੇ ਕਈ ਮੁੱਦਿਆਂ 'ਤੇ ਸਰਗਰਮੀ ਨਾਲ ਕਾਰਵਾਈ ਕਰਨ ਦੇ ਵਾਅਦੇ ਨਾਲ ਸੱਤਾ ਵਿਚ ਆਈ ਸੀ। ਕਾਂਗਰਸ ਵੀ ਆਪਣਾ ਗੜ੍ਹ ਮੰਨੀ ਜਾਂਦੀ ਜਲੰਧਰ ਸੀਟ 'ਤੇ ਆਪਣੀ ਪਕੜ ਬਰਕਰਾਰ ਰੱਖਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਕਾਂਗਰਸ 1999 ਤੋਂ ਲਗਾਤਾਰ ਇਹ ਸੀਟ ਜਿੱਤਦੀ ਆ ਰਹੀ ਹੈ।

 

ਦੱਸ ਦੇਈਏ ਕਿ ਇਸ ਸੀਟ ਲਈ ਕੁੱਲ 19 ਉਮੀਦਵਾਰ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚ ‘ਆਪ’ ਦੇ ਸੁਸ਼ੀਲ ਰਿੰਕੂ,  ਮਰਹੂਮ ਸੰਤੌਖ ਚੌਧਰੀ ਦੀ ਪਤਨੀ ਤੇ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ , ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇੰਦਰ ਇਕਬਾਲ ਸਿੰਘ ਅਟਵਾਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੁਖਵਿੰਦਰ ਕੁਮਾਰ ਸੁੱਖੀ ਚੋਣ ਮੈਦਾਨ 'ਚ ਹਨ। ਅਧਿਕਾਰੀਆਂ ਨੇ ਦੱਸਿਆ ਕਿ 10 ਮਈ ਨੂੰ ਹੋਈ ਉਪ ਚੋਣ ਵਿੱਚ 54.70 ਫੀਸਦੀ ਪੋਲਿੰਗ ਦਰਜ ਕੀਤੀ ਗਈ ਸੀ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਵੋਟਿੰਗ ਪ੍ਰਤੀਸ਼ਤਤਾ 63.04 ਪ੍ਰਤੀਸ਼ਤ ਸੀ।


ਅੰਕੜਿਆਂ ਅਨੁਸਾਰ ਸੰਸਦੀ ਹਲਕੇ ਦੇ ਕੁੱਲ 16,21,800 ਵੋਟਰਾਂ ਵਿੱਚੋਂ ਸਿਰਫ਼ 8,87,154 ਲੋਕਾਂ ਨੇ ਹੀ ਵੋਟ ਪਾਈ। ਜਲੰਧਰ ਲੋਕ ਸਭਾ ਸੀਟ ਅਧੀਨ 9 ਵਿਧਾਨ ਸਭਾ ਹਲਕੇ ਆਉਂਦੇ ਹਨ। ਇਨ੍ਹਾਂ ਵਿੱਚੋਂ ਸ਼ਾਹਕੋਟ ਵਿੱਚ ਸਭ ਤੋਂ ਵੱਧ 58.23 ਫੀਸਦੀ ਮਤਦਾਨ ਹੋਇਆ। ਇਸ ਤੋਂ ਬਾਅਦ ਕਰਤਾਰਪੁਰ ਵਿੱਚ 57.97 ਫੀਸਦੀ, ਜਲੰਧਰ ਪੱਛਮੀ ਵਿੱਚ 56.49 ਫੀਸਦੀ, ਨਕੋਦਰ ਵਿੱਚ 55.89 ਫੀਸਦੀ, ਫਿਲੌਰ ਵਿੱਚ 55.81 ਫੀਸਦੀ, ਜਲੰਧਰ ਉੱਤਰੀ ਵਿੱਚ 54.43 ਫੀਸਦੀ, ਆਦਮਪੁਰ ਵਿੱਚ 54.02 ਫੀਸਦੀ, ਜਲੰਧਰ ਕੈਂਟ ਵਿੱਚ 50.19 ਫੀਸਦੀ ਅਤੇ ਜਲੰਧਰ ਕੇਂਦਰੀ ਵਿੱਚ 48.94 ਫੀਸਦੀ ਦਰਜ ਕੀਤਾ ਗਿਆ।