ਪੰਜਾਬ ਵਿੱਚ ਲਗਾਤਾਰ ਦੂਜੇ ਦਿਨ ਸੰਘਣੇ ਕੋਹਰੇ ਨੇ ਜਨਜੀਵਨ ਪ੍ਰਭਾਵਿਤ ਕਰ ਦਿੱਤਾ। ਸਵੇਰੇ ਦੇ ਸਮੇਂ ਜਲੰਧਰ ਵਿੱਚ ਘਣੀ ਧੁੰਦ ਛਾਈ ਰਹੀ। ਕੋਹਰੇ ਕਾਰਨ ਸੜਕਾਂ 'ਤੇ ਵਿਜ਼ੀਬਿਲਟੀ ਬਹੁਤ ਘੱਟ ਹੋ ਗਈ, ਜਿਸ ਨਾਲ ਹਾਦਸਿਆਂ ਦਾ ਖਤਰਾ ਵੱਧ ਗਿਆ। ਇਸੇ ਕੜੀ ਵਿੱਚ ਜਲੰਧਰ-ਜੰਮੂ ਨੇਸ਼ਨਲ ਹਾਈਵੇ 'ਤੇ ਪਿੰਡ ਕਾਲਾ ਬੱਕਰਾ ਕੋਲ ਵੱਡਾ ਸੜਕ ਹਾਦਸਾ ਹੋਇਆ, ਜਿੱਥੇ ਧੁੰਦ ਕਾਰਨ 5 ਵਾਹਨ ਇਕ ਦੂਜੇ ਨਾਲ ਟੱਕਰਾਅ ਗਏ।
ਇੱਕ ਤੋਂ ਬਾਅਦ ਇੱਕ ਕਰਕੇ ਆਪਸ 'ਚ ਟਕਰਾਈਆਂ ਗੱਡੀਆਂ
ਜਾਣਕਾਰੀ ਮੁਤਾਬਕ, ਇੱਕ ਅਣਜਾਣ ਟਰੱਕ ਹਾਈਵੇਅ 'ਤੇ ਜਾ ਰਿਹਾ ਸੀ, ਜਿਸਦੇ ਪਿੱਛੇ ਆ ਰਹੇ ਇੱਕ ਟਿੱਪਰ ਨੇ ਉਸਨੂੰ ਟੱਕਰ ਮਾਰੀ। ਇਸ ਤੋਂ ਬਾਅਦ ਪਿੱਛੋਂ ਆ ਰਹੀਆਂ ਹੋਰ ਗੱਡੀਆਂ ਵੀ ਇੱਕ-ਦੂਜੇ ਨਾਲ ਟੱਕਰਾਂ ਖਾਂਦੀਆਂ ਗਈਆਂ। ਹਾਦਸੇ ਵਿੱਚ ਕਈ ਵਾਹਨਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਖੁਸ਼ਕਿਸਮਤੀ ਨਾਲ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਹਾਦਸੇ ਤੋਂ ਬਾਅਦ ਹਾਈਵੇ 'ਤੇ ਲੰਬਾ ਜਾਮ ਲੱਗ ਗਿਆ, ਜਿਸ ਨਾਲ ਰਾਹਗੀਰਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਨੁਕਸਾਨ ਪਹੁੰਚੇ ਵਾਹਨਾਂ ਨੂੰ ਸੜਕ ਤੋਂ ਹਟਾ ਕੇ ਯਾਤਰਾ ਨੂੰ ਸੁਚਾਰੂ ਬਣਾਇਆ। ਇਸ ਤੋਂ ਬਾਅਦ ਹਾਈਵੇ ਨੂੰ ਮੁੜ ਖੋਲ੍ਹ ਦਿੱਤਾ ਗਿਆ। ਸੜਕ ਸੁਰੱਖਿਆ ਫੋਰਸ ਨੇ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਮੌਕੇ ‘ਤੇ ਪੁਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਲਗਾਤਾਰ ਛਾਏ ਕੋਹਰੇ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਵਾਹਨ ਚਾਲਕਾਂ ਨੂੰ ਸਾਵਧਾਨੀ ਵਰਤਣ ਅਤੇ ਹੌਲੀ ਗਤੀ ਨਾਲ ਵਾਹਨ ਚਲਾਉਣ ਦੀ ਅਪੀਲ ਕੀਤੀ ਹੈ।
ਆਦਮਪੁਰ ਏਅਰ ਟ੍ਰੈਫਿਕ 'ਤੇ ਕੋਹਰੇ ਦੇ ਬਾਵਜੂਦ ਫਲਾਇਟਸ ਸਮੇਂ 'ਤੇ ਚੱਲ ਰਹੀਆਂ
ਆਦਮਪੁਰ ਏਅਰਪੋਰਟ ਦੇ ਡਾਇਰੈਕਟਰ ਪੁਸ਼ਪਿੰਦਰ ਨਰਾਲਾ ਨੇ ਦੱਸਿਆ ਕਿ ਧੁੰਦ ਦੇ ਬਾਵਜੂਦ ਆਦਮਪੁਰ ਏਅਰਪੋਰਟ ਦਾ ਏਅਰ ਟ੍ਰੈਫਿਕ ਬਿਲਕੁਲ ਠੀਕ ਹੈ ਅਤੇ ਆਉਣ-ਜਾਣ ਵਾਲੀਆਂ ਸਭ ਉਡਾਣਾਂ ਆਪਣੇ ਸਮੇਂ ਤੇ ਚੱਲ ਰਹੀਆਂ ਹਨ। ਡਾਇਰੈਕਟਰ ਨੇ ਦੱਸਿਆ ਕਿ ਜਿੱਥੋਂ 2 ਏਅਰਲਾਈਨ ਦੀਆਂ ਉਡਾਣਾਂ ਜਾਂਦੀਆਂ ਹਨ, ਉਹ ਵੀ ਆਪਣੇ ਸਮੇਂ ‘ਤੇ ਚੱਲਣਗੀਆਂ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।