Jalandhar Lok Sabha: ਲੋਕ ਸਭਾ ਹਲਕਾ ਜਲੰਧਰ ਜਿਸ ਨੂੰ ਕਾਂਗਰਸ ਦਾ ਗੜ੍ਹ ਮੰਨਿਆ ਜਾਂਦਾ ਹੈ ਹੁਣ ਇਹ ਹਲਕਾ ਹੀ ਕਾਂਗਰਸ ਲਈ ਮੁਸ਼ਕਲਾਂ ਪੈਦਾ ਕਰ ਰਿਹਾ ਹੈ। ਲੋਕ ਸਭਾ ਸੀਟ ਜਲੰਘਰ ਨੂੰ ਲੈ ਕੇ ਕਾਂਗਰਸ ਦੇ ਅੰਦਰ ਕਾਫ਼ੀ ਕਾਟੋ ਕਲੇਸ਼ ਚੱਲ ਰਿਹਾ ਹੈ। ਕਿਉਂਕਿ ਇਸ ਸੀਟ ਤੋਂ ਇੱਕ ਨਹੀਂ ਦੋ ਨਹੀਂ ਬਲਕਿ ਚਾਰ ਚਾਰ ਲੀਡਰ ਆਪੋ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਹਨ।
ਇਸ ਲਿਸਟ ਵਿੱਚ ਪੰਜਾਬ ਦੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ, ਮਰਹੂਮ ਚੌਧਰੀ ਸੰਤੋਖ ਸਿੰਘ ਦਾ ਪਰਿਵਾਰ, ਸਾਬਕਾ ਐਸਪੀ ਮਹਿੰਦਰ ਸਿੰਘ ਕੇਪੀ ਅਤੇ ਪੰਜਾਬ ਪੁਲਿਸ ਦੇ ਸੇਵਾਮੁਕਤ ਐਸਐਸਪੀ ਰਜਿੰਦਰ ਸਿੰਘ ਸ਼ਾਮਲ ਹਨ। ਇਹਨਾਂ ਸਰਿਆਂ ਵਿਚੋਂ ਸਭ ਤੋਂ ਠੋਸ ਦਾਅਵੇਦਾਰੀ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦੀ ਮੰਨੀ ਜਾ ਰਹੀ ਹੈ। ਹਲਾਂਕਿ ਚੌਧਰੀ ਪਰਿਵਾਰ ਵੀ ਇਸ ਰੇਸ ਵਿੱਚ ਅੱਗੇ ਹਨ। ਪਰ ਜਲੰਧਰ ਜ਼ਿਮਨੀ ਚੋਣਾਂ ਵਿੱਚ ਕਰਮਜੀਤ ਕੌਰ ਚੌਧਰੀ ਨੂੰ ਹਾਰ ਮਿਲਣ ਕਾਰਨ ਇਹਨਾਂ ਦੀ ਦਾਅਵੇਦਾਰੀ ਚੰਨੀ ਤੋਂ ਥੋੜ੍ਹੀ ਘੱਟ ਗਈ ਹੈ।
ਇਹ ਚਰਚਾ ਇਸ ਹੱਦ ਤੱਕ ਵੱਧ ਗਈ ਹੈ ਕਿ ਜਲੰਧਰ ਵਿੱਚ ਕਾਂਗਰਸ ਪਾਰਟੀ ਹੀ ਦੋ ਹਿੱਸਿਆਂ ਵਿੱਚ ਨਜ਼ਰ ਆ ਰਹੀ ਹੈ। ਸਾਬਕਾ ਸੀਐਮ ਚੰਨੀ ਨੇ ਸਦਾ ਚੰਨੀ ਜਲੰਧਰ ਦਾ ਕੇਕ ਕੱਟਣ ਨਾਲ ਸਿਆਸਤ ਗਰਮਾ ਗਈ ਹੈ। ਨਾਲ ਹੀ ਚੌਧਰੀ ਪਰਿਵਾਰ ਨੇ ਇਸ 'ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਸੀ। ਕਰਮਜੀਤ ਕੌਰ ਚੌਧਰੀ ਦੇ ਵਿਧਾਇਕ ਪੁੱਤਰ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜਲੰਧਰ ਵਿੱਚ ਲੀਡਰਾਂ ਦੀ ਕੋਈ ਕਮੀ ਨਹੀਂ, ਬਾਹਰੋਂ ਲੀਡਰਾਂ ਦੀ ਲੋੜ ਨਹੀਂ।
ਚਰਨਜੀਤ ਚੰਨੀ
ਜਲੰਧਰ ਲੋਕ ਸਭਾ ਸੀਟ 'ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਦਾਅਵਾ ਸਭ ਤੋਂ ਮਜ਼ਬੂਤ ਹੈ। ਕਾਂਗਰਸ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਜਲੰਧਰ ਤੋਂ ਕਾਂਗਰਸ ਚੰਨੀ ਨੂੰ ਮੈਦਾਨ ਵਿਚ ਉਤਾਰੇਗੀ। ਕਿਉਂਕਿ ਚੰਨੀ ਲੰਬੇ ਸਮੇਂ ਤੋਂ ਜਲੰਧਰ ਸੀਟ ਲਈ ਲਾਬਿੰਗ ਕਰ ਰਹੇ ਸਨ। ਚੰਨੀ ਨੇ ਜਲੰਧਰ ਦਾ ਕੋਈ ਵੀ ਡੇਰਾ ਨਹੀਂ ਛੱਡਿਆ ਜਿੱਥੇ ਉਹ ਨਾ ਗਿਆ ਹੋਵੇ। ਇਸ ਲਈ ਉਨ੍ਹਾਂ ਨੇ ਜਲੰਧਰ ਦੇ ਅਨੁਸੂਚਿਤ ਜਾਤੀ ਦੇ ਵੋਟਰਾਂ 'ਤੇ ਕਾਫੀ ਪ੍ਰਭਾਵ ਪਾਇਆ ਹੈ।
ਕਰਮਜੀਤ ਕੌਰ ਚੌਧਰੀ
ਜਲੰਧਰ ਵਿੱਚ ਦੂਜੇ ਸਭ ਤੋਂ ਮਜ਼ਬੂਤ ਦਾਅਵੇਦਾਰ ਮਰਹੂਮ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ ਹੈ। ਕਿਉਂਕਿ ਰਾਹੁਲ ਗਾਂਧੀ ਵੱਲੋਂ ਕੱਢੀ ਜਾ ਰਹੀ ਭਾਰਤ ਜੋੜੋ ਯਾਤਰਾ ਦੌਰਾਨ ਸੰਤੋਖ ਸਿੰਘ ਚੌਧਰੀ ਦੀ ਮੌਤ ਹੋ ਗਈ ਸੀ। ਯਾਤਰਾ ਦੌਰਾਨ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਜਿਸ ਤੋਂ ਬਾਅਦ ਰਾਹੁਲ ਗਾਂਧੀ ਉਨ੍ਹਾਂ ਦੇ ਘਰ ਪਹੁੰਚੇ ਅਤੇ ਅਫਸੋਸ ਪ੍ਰਗਟ ਕੀਤਾ।
ਮਹਿੰਦਰ ਸਿੰਘ ਕੇਪੀ
ਇਸ ਲੜੀ ਵਿਚ ਕਾਂਗਰਸ ਨੇ ਤੀਜੇ ਦਾਅਵੇਦਾਰ ਵਜੋਂ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਵੀ ਸ਼ਾਮਲ ਹਨ ਜੋ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਵੀ ਹਨ। ਮਹਿੰਦਰ ਸਿੰਘ ਕੇਪੀ ਜਲੰਧਰ ਅਤੇ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਰਹਿ ਚੁੱਕੇ ਹਨ। ਨਾਲ ਹੀ, ਉਹ ਕਾਂਗਰਸ ਵਿੱਚ ਚੰਗੇ ਕੱਦ ਦੇ ਨੇਤਾ ਹਨ। ਹਾਲਾਂਕਿ, ਪਿਛਲੀਆਂ ਚੋਣਾਂ ਤੋਂ ਕਾਂਗਰਸ ਕੇਪੀ ਨੂੰ ਪਾਸੇ ਕਰ ਰਹੀ ਸੀ। ਪਰ ਹੁਣ ਕਾਂਗਰਸ ਪਾਰਟੀ ਸਾਰੇ ਆਗੂਆਂ ਨੂੰ ਨਾਲ ਲੈ ਕੇ ਆਉਣਾ ਚਾਹੁੰਦੀ ਹੈ।
ਸਾਬਕਾ SSP ਰਜਿੰਦਰ ਸਿੰਘ
ਜਲੰਧਰ ਲੋਕ ਸਭਾ ਸੀਟ ਲਈ ਚੌਥਾ ਦਾਅਵੇਦਾਰ ਪੰਜਾਬ ਪੁਲਿਸ ਦੇ ਸਾਬਕਾ SSP ਰਜਿੰਦਰ ਸਿੰਘ ਨੂੰ ਮੰਨਿਆ ਜਾ ਰਿਹਾ ਹੈ। ਜੋ ਕਿ ਕੁਝ ਸਮਾਂ ਪਹਿਲਾਂ ਪਾਰਟੀ ਵਿੱਚ ਸ਼ਾਮਲ ਹੋਏ ਹਨ। ਹਾਈਕਮਾਂਡ ਨੂੰ ਖੁਸ਼ ਕਰਨ ਲਈ ਬੀਤੇ ਦਿਨੀਂ ਰਜਿੰਦਰ ਸਿੰਘ ਵੱਲੋਂ ਕਰਤਾਰਪੁਰ ਵਿੱਚ ਰੈਲੀ ਕੀਤੀ ਗਈ। ਰਜਿੰਦਰ ਸਿੰਘ ਲੰਬੇ ਸਮੇਂ ਤੋਂ ਜਲੰਧਰ 'ਚ ਤਾਇਨਾਤ ਹਨ, ਇਸ ਲਈ ਉਹ ਪੂਰੇ ਜ਼ਿਲ੍ਹੇ ਦੀ ਨਬਜ਼ ਜਾਣਦੇ ਹਨ। ਇਸ ਲਈ ਰਜਿੰਦਰ ਦਾ ਨਾਂ ਵੀ ਟਿਕਟ ਦੀ ਦੌੜ ਵਿੱਚ ਸ਼ਾਮਲ ਹੈ।