Jalandhar News: ਜਲੰਧਰ ਸ਼ਹਿਰ ਤੋਂ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਸ਼ਹਿਰ ਦੀ ਮਿੱਠੂ ਬਸਤੀ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਕਾਫੀ ਹੰਗਾਮਾ ਹੋਇਆ। ਖਾਣਾ ਲੇਟ ਹੋਣ ’ਤੇ ਵਿਆਹ ’ਚ ਆਏ ਨੌਜਵਾਨਾਂ ਨੇ ਕੇਟਰਰ ਤੇ ਉਸ ਦੇ ਸਟਾਫ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇੱਥੋਂ ਤੱਕ ਕਿ ਕੇਟਰਰ ਦਾ ਦੋਸ਼ ਹੈ ਕਿ ਉਸ ਨੂੰ ਤੰਦੂਰ ’ਚ ਸੁੱਟਣ ਦੀ ਕੋਸ਼ਿਸ਼ ਵੀ ਕੀਤੀ ਗਈ। ਉਸ ਦੇ ਪਰਿਵਾਰ ਵਾਲੇ ਜ਼ਖਮੀ ਕੇਟਰਰ ਨੂੰ ਸਿਵਲ ਹਸਪਤਾਲ ਲੈ ਗਏ। 



ਇਸ ਸਬੰਧੀ ਥਾਣਾ ਬਾਵਾ ਬਸਤੀ ਖੇਲ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਕੈਟਰਿੰਗ ਦਾ ਕੰਮ ਕਰਨ ਵਾਲੇ ਇੰਦਰਜੀਤ ਸਿੰਘ ਨੇ ਦੱਸਿਆ ਕਿ ਵਿਆਹ ਵਿੱਚ ਆਏ ਨੌਜਵਾਨਾਂ ਨੇ ਸ਼ਰਾਬ ਪੀਤੀ ਹੋਈ ਸੀ। ਉਨ੍ਹਾਂ ਨੇ ਵੇਟਰ ਤੋਂ ਕੁਝ ਖਾਣ-ਪੀਣ ਦੀਆਂ ਚੀਜ਼ਾਂ ਮੰਗੀਆਂ ਪਰ ਉਹ ਥੋੜ੍ਹਾ ਲੇਟ ਹੋ ਗਿਆ। ਇਸ ’ਤੇ ਉਨ੍ਹਾਂ ਨੇ ਵੇਟਰ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਜਦੋਂ ਉਹ ਵੇਟਰ ਨੂੰ ਛੁਡਾਉਣ ਗਿਆ ਤਾਂ ਉਨ੍ਹਾਂ ਨੇ ਉਸ ਦੀ ਵੀ ਕੁੱਟਮਾਰ ਸ਼ੁਰੂ ਕਰ ਦਿੱਤੀ।



ਇੰਦਰਜੀਤ ਨੇ ਕਿਹਾ ਕਿ ਜੇਕਰ ਲੋਕਾਂ ਨੇ ਉਸ ਨੂੰ ਨਾ ਬਚਾਇਆ ਹੁੰਦਾ ਤਾਂ ਉਹ ਉਸ ਨੂੰ ਤੰਦੂਰ ਵਿਚ ਸੁੱਟ ਦਿੰਦੇ। ਇੰਦਰਜੀਤ ਦੇ ਵੱਡੇ ਭਰਾ ਭਾਈ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਜਦੋਂ ਉਹ ਘਰ ਵਿੱਚ ਸੀ ਤਾਂ ਇੱਕ ਲੜਕਾ ਦੌੜਦਾ ਆਇਆ ਤੇ ਕਹਿਣ ਲੱਗਾ ਕਿ ਜਲਦੀ ਆਓ, ਕੁਝ ਨੌਜਵਾਨ ਵਿਆਹ ਵਿੱਚ ਇੰਦਰਜੀਤ ਤੇ ਸਟਾਫ ਦੀ ਕੁੱਟਮਾਰ ਕਰ ਰਹੇ ਹਨ। 


ਇਸ ਮਗਰੋਂ ਜਦੋਂ ਉਹ ਵਿਆਹ ਵਿੱਚ ਪਹੁੰਚਿਆ ਤਾਂ ਉਸ ਨੇ ਇੰਦਰਜੀਤ ਨੂੰ ਤੰਦੂਰ ਕੋਲ ਫੜਿਆ ਹੋਇਆ ਸੀ। ਉਹ ਕਹਿ ਰਹੇ ਸਨ ਕਿ ਉਹ ਇਸ ਨੂੰ ਤੰਦੂਰ ਵਿੱਚ ਸੁੱਟ ਦੇਣਗੇ। ਹਮਲਾਵਰਾਂ ਨੇ ਉਸ ਦੇ ਭਰਾ ਦੇ ਦੋ ਦੰਦ ਵੀ ਤੋੜ ਦਿੱਤੇ। ਉਸ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਬਸਤੀ ਬਾਵਾ ਖੇਲ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਗਈ। ਪੁਲਿਸ ਜਾਂਚ ਕਰ ਰਹੀ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।