Valmiki Gate Firing Ruckus - ਜਲੰਧਰ ਵਿੱਚ ਪਿਛਲੀ ਰਾਤ ਦੋ ਧਿਰਾਂ ਵਿਚਾਲੇ ਲੜਾਈ ਹੋ ਗਈ ਜਿਸ ਦੌਰਾਨ ਗੋਲੀਆਂ ਵੀ ਚਲਾਈਆਂ ਗਈਆਂ। ਘਟਨਾ ਦੀ ਜਾਣਕਾਰੀ ਮਿਲਦੇ ਸਾਰ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਇਹ ਵਾਰਦਾਤ ਭਗਵਾਨ ਵਾਲਮੀਕੀ ਗੇਟ ਨੇੜੇ ਵਾਪਰੀ ਹੈ। ਦੋ ਧਿਰਾਂ ਵਿੱਚ ਜ਼ਬਰਦਸਤ ਲੜਾਈ ਹੋਈ ਅਤੇ ਇਸ ਦੌਰਾਨ ਇੱਕ ਨੌਜਵਾਨ ਨੇ ਗੋਲੀਆਂ ਚਲਾ ਦਿੱਤੀਆਂ।


 ਹਾਲਾਂਕਿ, ਜਿਨ੍ਹਾਂ ਲੋਕਾਂ ਨੇ ਗੋਲੀਬਾਰੀ ਕੀਤੀ, ਉਨ੍ਹਾਂ ਕੋਲ ਲਾਇਸੈਂਸੀ ਹਥਿਆਰ ਸਨ ਅਤੇ ਉਨ੍ਹਾਂ ਨੇ ਸਿੱਧੇ ਤੌਰ 'ਤੇ ਨਹੀਂ ਬਲਕਿ ਹਵਾ ਵਿੱਚ ਫਾਇਰ ਕੀਤੇ। ਪਰ ਗੋਲੀਆਂ ਚਲਦੇ ਹੀ ਭਗਦੜ ਮੱਚ ਗਈ ਅਤੇ ਲੋਕ ਡਰ ਗਏ।


ਵਾਲਮੀਕੀ ਗੇਟ ਨੇੜੇ ਹੋਈ ਲੜਾਈ ਤੋਂ ਬਾਅਦ ਦੋਵੇਂ ਧੜਿਆਂ ਦੇ ਲੋਕ ਆਪਣਾ ਇਲਾਜ ਅਤੇ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਪੁੱਜੇ। ਸਿਵਲ ਹਸਪਤਾਲ ਪਹੁੰਚ ਕੇ ਦੋਵੇਂ ਧੜੇ ਇੱਕ ਵਾਰ ਫਿਰ ਆਹਮੋ-ਸਾਹਮਣੇ ਹੋ ਗਏ। ਸਿਵਲ ਵਿੱਚ ਵੀ ਦੋਵਾਂ ਧੜਿਆਂ ਵਿੱਚ ਹੰਗਾਮਾ ਸ਼ੁਰੂ ਹੋ ਗਿਆ। ਜਦੋਂ ਪੁਲਿਸ ਨੇ ਉਨ੍ਹਾਂ ਨੂੰ ਵੱਖ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਪੁਲਿਸ ਵਾਲਿਆਂ ਨਾਲ ਉਲਝ ਗਏ।


ਇਹ ਸਾਰਾ ਵਿਵਾਦ ਵਾਲਮੀਕਿ ਗੇਟ 'ਤੇ ਖੇਡ ਰਹੇ ਬੱਚਿਆਂ ਨੂੰ ਜਾਤੀ ਸੂਚਕ ਸ਼ਬਦ ਬੋਲਣ ਤੋਂ ਸ਼ੁਰੂ ਹੋਇਆ। ਜਿਸ ਦਾ ਨਤੀਜਾ ਬਾਅਦ ਵਿੱਚ ਬਦਸਲੂਕੀ ਅਤੇ ਹਿੰਸਾ ਵਿੱਚ ਨਿਕਲਿਆ। ਇਸ ਲੜਾਈ ਵਿਚ ਕੁਝ ਲੋਕ ਜ਼ਖਮੀ ਵੀ ਹੋਏ। ਵਾਲਮੀਕਿ ਗੇਟ 'ਤੇ ਲੋਕਾਂ ਦਾ ਇਕੱਠ ਅਤੇ ਮਾਹੌਲ ਖਰਾਬ ਹੁੰਦਾ ਦੇਖ ਪੁਲਸ ਨੇ ਕੁਝ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ। ਪਰ ਲੜਾਈ ਵਿੱਚ ਸ਼ਾਮਲ ਕੁਝ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ।




ਗੋਲੀ ਚਲਾਉਣ ਵਾਲਿਆਂ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਡਵੀਜ਼ਨ ਨੰ. 2 ਦੇ ਇੰਚਾਰਜ ਐਸ.ਐਚ.ਓ. ਗੁਰਪ੍ਰੀਤ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਘਟਨਾ ਸਬੰਧੀ ਜਾਂਚ ਕੀਤੀ ਜਾ ਰਹੀ ਹੈ। 


ਉਨ੍ਹਾਂ ਕਿਹਾ ਕਿ ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ, ਜਦਕਿ ਮੌਕੇ 'ਤੇ ਮੌਜੂਦ ਲੋਕਾਂ ਨੇ ਜਾਤੀ ਸੂਚਕ ਸ਼ਬਦ ਵਰਤਣ ਵਾਲੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਦੋਸ਼ੀਆਂ ਖਿਲਾਫ ਮਾਮਲਾ ਦਰਜ ਨਾ ਕੀਤਾ ਗਿਆ ਤਾਂ ਉਹ ਅੱਜ ਜੋਤੀ ਚੌਕ ਵਿਖੇ ਰੋਸ ਪ੍ਰਦਰਸ਼ਨ ਕਰਨਗੇ।