Jalandhar News: ਜਲੰਧਰ (Jalandhar ) ਵਾਸੀਆਂ ਨੂੰ ਵੱਡੀ ਰਾਹਤ ਮਿਲਣ ਜਾ ਰਹੀ ਹੈ। ਨਗਰ ਨਿਗਮ ਵੱਲੋਂ ਵੈਂਡਿੰਗ ਜ਼ੋਨ (vending zones) ਬਣਾਏ ਜਾਣਗੇ ਜਿਸ ਨਾਲ ਰੇਹੜੀਆਂ-ਫੜ੍ਹੀਆਂ ਕਰਕੇ ਆਉਂਦੀ ਟ੍ਰੈਫਿਕ ਸਮੱਸਿਆ ਦਾ ਹੱਲ ਹੋਏਗਾ। ਇਸ ਦੇ ਨਾਲ ਹੀ ਨਾਜਾਇਜ਼ ਕਬਜ਼ਿਆਂ ਨੂੰ ਵੀ ਠੱਲ੍ਹ ਪਏਗੀ। ਇਸ ਨਾਲ ਸ਼ਹਿਰ ਦੇ 7211 ਰੇਹੜੀ-ਫੜ੍ਹੀ ਵਾਲਿਆਂ ਨੂੰ ਵੀ ਰਾਹਤ ਮਿਲੇਗੀ। ਕਮਿਸ਼ਨਰੇਟ ਪੁਲਿਸ ਨਾਲ ਪੇਚਾ ਪੈਣ ਮਗਰੋਂ ਹੀ ਨਗਰ ਨਿਗਮ ਸਰਗਰਮ ਹੋਇਆ ਹੈ।



ਦਰਅਸਲ ਕਮਿਸ਼ਨਰੇਟ ਪੁਲਿਸ ਵੱਲੋਂ ਸਟਰੀਟ ਵੈਂਡਰਾਂ ਵਿਰੁੱਧ ਕੀਤੀ ਗਈ ਸਖ਼ਤ ਕਾਰਵਾਈ ਤੋਂ ਬਾਅਦ ਹੁਣ ਨਗਰ ਨਿਗਮ ਨੇ 34 ਥਾਵਾਂ ’ਤੇ ਵੈਂਡਿੰਗ ਜ਼ੋਨ ਬਣਾਉਣ ਦੀ ਸੂਚੀ ਤਿਆਰ ਕੀਤੀ ਹੈ। ਬਸਤੀ ਬਾਵਾ ਖੇਲ ਵਿੱਚ ਸ਼ਹਿਰ ਦਾ ਸਭ ਤੋਂ ਵੱਡਾ ਵੈਂਡਿੰਗ ਜ਼ੋਨ ਬਣਾਇਆ ਜਾਵੇਗਾ। ਇਹ ਵੈਂਡਿੰਗ ਜ਼ੋਨ ਲਗਪਗ 13 ਹਜ਼ਾਰ 292 ਵਰਗ ਮੀਟਰ ਵਿੱਚ ਬਣਾਇਆ ਜਾਵੇਗਾ। ਜਿੱਥੇ 752 ਦੇ ਕਰੀਬ ਵਿਕਰੇਤਾ ਰੇਹੜੀਆਂ ਤੇ ਫੜ੍ਹੀਆਂ ਲਾਉਣਗੇ। 


ਇਸ ਦੇ ਨਾਲ ਹੀ ਸ਼ਹਿਰ ਦਾ ਸਭ ਤੋਂ ਛੋਟਾ ਵੈਂਡਿੰਗ ਜ਼ੋਨ ਬਸਤੀ ਅੱਡਾ ਚੌਕ, ਮੱਛੀ ਮੰਡੀ ਨੇੜੇ ਬਣਾਇਆ ਜਾਵੇਗਾ। ਹਾਸਲ ਜਾਣਕਾਰੀ ਅਨੁਸਾਰ ਸ਼ਹਿਰ ਵਿੱਚ ਕਰੀਬ 7211 ਰੇਹੜੀ-ਫੜ੍ਹੀ ਵਾਲੇ ਵਾਲੇ ਹਨ। ਨਗਰ ਨਿਗਮ ਵੱਲੋਂ ਇਸ ਦੀ ਸੂਚੀ ਬਣਾ ਦਿੱਤੀ ਗਈ ਹੈ। ਇਸ ਦੇ ਆਧਾਰ ’ਤੇ ਨਗਰ ਨਿਗਮ ਨੇ ਹੁਣ 34 ਥਾਵਾਂ ਨੂੰ ਅੰਤਿਮ ਰੂਪ ਦਿੱਤਾ ਹੈ।


ਦਰਅਸਲ ਕਮਿਸ਼ਨਰੇਟ ਪੁਲੀਸ ਨੇ ਸ਼ਹਿਰ ਵਿੱਚ ਕੀਤੇ ਨਾਜ਼ਾਇਜ ਕਬਜ਼ਿਆਂ ਖ਼ਿਲਾਫ਼ ਕਾਰਵਾਈ ਵਿੱਢੀ ਹੋਈ ਹੈ। ਪੁਲਿਸ ਵੱਲੋਂ ਫੁੱਟਪਾਥ ’ਤੇ ਕੀਤੇ ਕਬਜ਼ੇ ਹਟਾਏ ਜਾ ਰਹੇ ਹਨ। ਪੁਲਿਸ ਦੇ ਟ੍ਰੈਫਿਕ-ਪੀਸੀਆਰ ਵਿੰਗ ਨੇ ਐਤਵਾਰ ਨੂੰ ਵੀ ਬਾਜ਼ਾਰ ਲਗਾਉਣ ਲਈ ਆਏ ਰੇਹੜੀ-ਫੜ੍ਹੀ ਵਾਲਿਆਂ ਨੂੰ ਸੜਕ ਤੋਂ ਪਿੱਛੇ ਦੁਕਾਨਾਂ ਲਗਾਉਣ ਲਈ ਕਿਹਾ ਸੀ। ਪੁਲਿਸ ਨੇ ਧਮਕੀ ਦਿੱਤੀ ਸੀ ਕਿ ਜੇ ਉਹ ਦੁਬਾਰਾ ਸੜਕ ’ਤੇ ਸਟਾਲ ਲਗਾਉਂਦੇ ਹਨ ਤਾਂ ਉਨ੍ਹਾਂ ਦਾ 20,000 ਰੁਪਏ ਦਾ ਚਲਾਨ ਕੀਤਾ ਜਾਵੇਗਾ। 



ਦਰਅਸਲ ਬਸਤੀ ਅੱਡਾ ਚੌਕ ਤੋਂ ਭਗਵਾਨ ਵਾਲਮੀਕਿ ਚੌਕ (ਜੋਤੀ ਚੌਕ) ਤੋਂ ਨਕੋਦਰ ਚੌਕ ਤੇ ਭਗਵਾਨ ਵਾਲਮੀਕਿ ਚੌਕ (ਜੋਤੀ ਚੌਕ) ਤੋਂ ਕੰਪਨੀ ਬਾਗ਼ ਚੌਕ ਤੱਕ ਐਤਵਾਰ ਵਾਲੇ ਬਾਜ਼ਾਰ ’ਚ ਹਜ਼ਾਰਾਂ ਦੀ ਗਿਣਤੀ ’ਚ ਰੇਹੜੀ-ਫੜ੍ਹੀ ਵਾਲਿਆਂ ਵੱਲੋਂ ਕੱਪੜੇ ਤੇ ਹੋਰ ਸਾਮਾਨ ਵੇਚਿਆ ਜਾਂਦਾ ਹੈ। ਹਰ ਕਿਸੇ ਦੇ ਕੱਪੜੇ ਸੜਕ ’ਤੇ ਰੱਖੇ ਹੋਏ ਹੁੰਦੇ ਹਨ। ਇਸ ਕਾਰਨ ਪੁਲਿਸ ਨੇ ਫੁੱਟਪਾਥ ਤੋਂ ਇਨ੍ਹਾਂ ਵਿਕਰੇਤਾਵਾਂ ਨੂੰ ਹਟਾ ਰਹੀ ਹੈ। 



ਇਸ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਅਜਿਹੀਆਂ ਦੁਕਾਨਾਂ ਕਾਰਨ ਬਾਜ਼ਾਰ ਵਿੱਚ ਜਾਮ ਵਰਗੇ ਹਾਲਾਤ ਬਣ ਜਾਂਦੇ ਹਨ। ਇਸ ਕਾਰਨ ਆਮ ਰਾਹਗੀਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਦੀ ਉਲੰਘਣਾ ਨਹੀਂ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇ ਕੋਈ ਦੁਕਾਨਦਾਰ ਉਲੰਘਣਾ ਕਰ ਕੇ ਸੜਕ ’ਤੇ ਦੁਕਾਨ ਲਗਾਏਗਾ ਤਾਂ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।