Jalandhar News: ਫਿਲੌਰ ਪੁਲਿਸ ਨੇ ਟੋਲ ਪਲਾਜ਼ਾ ਦੇ ਮੈਨੇਜਰ ਨਾਲ ਲੁੱਟ-ਖੋਹ ਕਰਨ ਵਾਲੇ 4 ਦੋਸ਼ੀਆਂ ਨੂੰ 15,34,500 ਰੁਪਏ ਸਮੇਤ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਕੋਲੋਂ 500 ਗ੍ਰਾਮ ਨਸ਼ੀਲਾ ਪਾਊਡਰ, 30 ਨਸ਼ੀਲੇ ਟੀਕੇ, 1 ਦਾਤਰ ਅਤੇ ਇੱਕ ਪਲੈਟੀਨਾ ਮੋਟਰਸਾਈਕਲ ਬਰਾਮਦ ਕੀਤਾ ਗਿਆ।


ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਜਲੰਧਰ ਦੇ ਐਸਐਸਪੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ 24 ਜੁਲਾਈ ਨੂੰ ਟੋਲ ਪਲਾਜ਼ਾ ਦੇ ਮੈਨੇਜਰ ਨਾਲ 23 ਲੱਖ 50 ਹਜ਼ਾਰ ਦੀ ਲੁੱਟ ਦੀ ਘਟਨਾ ਵਾਪਰੀ ਸੀ। ਜਿਸ 'ਚ ਮਾਸਟਰਮਾਈਂਡ ਵਿਪਨ ਕੁਮਾਰ ਸੀ, ਜੋ ਪਹਿਲਾਂ ਇਸ ਟੋਲ ਪਲਾਜ਼ਾ 'ਤੇ ਐਂਬੂਲੈਂਸ ਚਲਾਉਂਦਾ ਸੀ। ਉਸ ਨੂੰ ਪਤਾ ਸੀ ਕਿ ਟੋਲ ਪਲਾਜ਼ਾ 'ਤੇ ਕੈਸ਼ ਕਦੋਂ ਅਤੇ ਕਿਵੇਂ ਬੈਂਕ 'ਚ ਜਮ੍ਹਾ ਕਰਵਾਉਣਾ ਹੈ। ਜਿਸ ਤੋਂ ਬਾਅਦ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਹ ਪੂਰੀ ਯੋਜਨਾ ਬਣਾਈ।ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਮਨਪ੍ਰੀਤ, ਗੁਰਜੀਤ ਸਿੰਘ, ਵਿਪਨ ਕੁਮਾਰ, ਧਰਮਿੰਦਰ ਵਜੋਂ ਹੋਈ ਹੈ। ਜਦੋਂ ਕਿ ਗੁਰਪ੍ਰੀਤ ਗੋਪੀ ਅਜੇ ਫ਼ਰਾਰ ਹੈ।


ਜ਼ਿਕਰ ਕਰ ਦਈਏ ਕਿ ਬੀਤੇ ਦਿਨੀਂ  ਫਿਲੌਰ ਵਿੱਚ ਲਾਡੋਵਾਲ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਦੀ ਕਾਰ ਨੂੰ ਲੁਟੇਰਿਆਂ ਨੇ ਘੇਰ ਲਿਆ ਅਤੇ ਉਨ੍ਹਾਂ ਕੋਲੋਂ ਕਰੀਬ 23 ਲੱਖ 50 ਹਜ਼ਾਰ ਰੁਪਏ ਦੀ ਨਕਦੀ ਖੋਹ ਕੇ ਫਰਾਰ ਹੋ ਗਏ। ਲਾਡੋਵਾਲ ਟੋਲ ਪਲਾਜ਼ੇ ਦੇ ਮੁਲਾਜ਼ਮ ਆਪਣੀ ਬੋਲੈਰੋ ਗੱਡੀ ਵਿੱਚ ਫਿਲੌਰ ਬੈਂਕ ਵਿੱਚ ਨਕਦੀ ਜਮ੍ਹਾਂ ਕਰਵਾਉਣ ਜਾ ਰਹੇ ਸੀ। ਇਸ ਦੌਰਾਨ ਲੁਟੇਰਿਆਂ ਨੇ ਉਨ੍ਹਾਂ ਦੀ ਗੱਡੀ ਨੂੰ ਘੇਰ ਕੇ ਉਨ੍ਹਾਂ ਨਾਲ ਮਾਰਕੁੱਟ ਕੀਤੀ ਤੇ ਇਸ ਤੋਂ ਬਾਅਦ ਹਥਿਆਰਾਂ ਦੇ ਦਮ ਉੱਤੇ ਨਗਦੀ ਖੋਹ ਕੇ ਫ਼ਰਾਰ ਹੋ ਗਏ। 


ਇਸ ਬਾਬਤ ਟੋਲ ਪਲਾਜ਼ੇ ਦੇ ਮੁਲਾਜ਼ਮ ਨੇ ਦੱਸਿਆ ਕਿ ਚਿੱਟੇ ਰੰਗ ਦੀ ਬਰੀਜ਼ਾ ਕਾਰ ਉਨ੍ਹਾਂ ਦੀ ਕਾਰ ਸਾਹਮਣੇ ਆ ਕੇ ਰੁਕੀ ਜਿਸ ਵਿੱਚ ਪੰਜ ਵਿਅਕਤੀ ਸਵਾਰ ਸਨ ਤੇ ਉਨ੍ਹਾਂ ਕੋਲ ਹਥਿਆਰ ਵੀ ਸਨ। ਮੁਲਾਜ਼ਮ ਨੇ ਦੱਸਿਆ ਕਿ ਉਨ੍ਹਾਂ ਕੋਲ ਸਾਢੇ 23 ਲੱਖ ਦੇ ਕਰੀਬ ਦੀ ਨਗਦੀ ਸੀ ਜੋ ਕਿ ਉਹ ਲੁੱਟ ਕੇ ਫ਼ਰਾਰ ਹੋ ਗਏ ਹਨ। ਇਸ ਮੌਕੇ ਬਦਮਾਸ਼ਾਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਤੇ ਗੱਡੀ ਦੀ ਵੀ ਭੰਨਤੋੜ ਕੀਤੀ।


ਇਹ ਵੀ ਪੜ੍ਹੋ: Punjab News: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਹਰਵੇਲ ਸਿੰਘ ਮਾਧੋਪੁਰ ਨੂੰ ਐਸ.ਸੀ ਵਿੰਗ ਦਾ ਕੌਮੀ ਪ੍ਰਧਾਨ ਨਿਯੁਕਤ ਕੀਤਾ