ਜਲੰਧਰ ਤੋਂ ਮੁੜ ਤੋਂ ਪ੍ਰੇਸ਼ਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਜਿੱਥੇ ਪਾਰਸ ਐਸਟੇਟ ‘ਚ ਹੋਈ ਸ਼ਰਮਨਾਕ ਹਰਕਤ ਤੋਂ ਬਾਅਦ ਹੁਣ ਚੌਕੀ ਕਿਸ਼ਨਗੜ੍ਹ ਦੇ ਹੇਠਾਂ ਆਉਂਦੇ ਇੱਕ ਪਿੰਡ ਵਿੱਚ ਵੀ ਇਸ ਤਰ੍ਹਾਂ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸੀਨੀਅਰ ਸੈਕੰਡਰੀ ਸਕੂਲ ਦੇ ਡੀਪੀ ਮਾਸਟਰ ਵੱਲੋਂ 16 ਸਾਲ ਦੀ ਬੱਚੀ, ਜੋ 10ਵੀਂ ਕਲਾਸ ਦੀ ਵਿਦਿਆਰਥਣ ਹੈ, ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ।

Continues below advertisement

ਰਿਪੋਰਟ ਮੁਤਾਬਕ, ਬੱਚੀ ਨੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ। ਇਸ ਤੋਂ ਬਾਅਦ ਉਸ ਨੇ ਇਹ ਘਟਨਾ ਸਕੂਲ ਪ੍ਰਿੰਸੀਪਲ ਅਤੇ ਆਪਣੇ ਪਰਿਵਾਰ ਨੂੰ ਦੱਸੀ। ਬੱਚੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਬੱਚੀ ਨੇ ਦੱਸਿਆ ਕਿ ਜਦੋਂ ਮੈਂ ਟੀਚਰ ਨੂੰ ਮਿਲਣ ਜਾ ਰਹੀ ਸੀ ਤਾਂ ਰਸਤੇ ਵਿੱਚ ਡੀਪੀ ਮਾਸਟਰ ਰਜਿੰਦਰ ਕੁਮਾਰ (ਪੁੱਤਰ ਬਲਬੀਰ ਕੁਮਾਰ, ਨਿਵਾਸੀ ਬਿਆਸ ਪਿੰਡ) ਮਿਲ ਗਏ। ਉਹ ਮੈਨੂੰ ਆਪਣੇ ਨਾਲ ਬਿਊਟੀ ਲੈਬ ਵਾਲੇ ਕਮਰੇ ਦੇ ਨੇੜੇ ਲੈ ਗਏ। ਮੈਂ ਸਮਝੀ ਕੋਈ ਗੱਲ ਕਰਨੀ ਹੋਵੇਗੀ। ਪਰ ਜਦੋਂ ਮਾਸਟਰ ਰਜਿੰਦਰ ਨੇ ਮੈਨੂੰ ਅੰਦਰ ਬੁਲਾ ਕੇ ਦਰਵਾਜ਼ਾ ਬੰਦ ਕਰਨ ਲਈ ਕਿਹਾ, ਤਾਂ ਓਥੇ ਹੀ ਉਹਨਾਂ ਨੇ ਮੈਨੂੰ ਪਿੱਛੋਂ ਫੜ ਲਿਆ ਤੇ ਜ਼ਬਰਦਸਤੀ ਬੁਰਾ ਟੱਚ ਕਰਨ ਲੱਗ ਪਏ।

Continues below advertisement

ਬੱਚੀ ਨੇ ਕਿਸੇ ਤਰ੍ਹਾਂ ਖੁਦ ਨੂੰ ਡੀਪੀ ਮਾਸਟਰ ਦੇ ਚੰਗੁਲ ਤੋਂ ਛੁਡਾਇਆ ਅਤੇ ਜ਼ੋਰ-ਜ਼ੋਰ ਨਾਲ ਰੋਣ ਲੱਗ ਪਈ। ਉਸ ਨੇ ਤੁਰੰਤ ਇਹ ਗੱਲ ਪ੍ਰਿੰਸੀਪਲ ਸੁਮਨ ਸ਼ਰਮਾ ਨੂੰ ਦੱਸੀ। ਇਸ ਤੋਂ ਬਾਅਦ ਅਧਿਆਪਕਾ ਜਸਵਿੰਦਰ ਕੌਰ ਅਤੇ ਅਰਸ਼ੀਪਾਲ ਸਿੰਘ ਦੀ ਮੌਜੂਦਗੀ ਵਿੱਚ ਡੀਪੀ ਮਾਸਟਰ ਰਜਿੰਦਰ ਨੂੰ ਬੁਲਾ ਕੇ ਡਾਂਟਿਆ ਗਿਆ ਅਤੇ ਇਸ ਦੌਰਾਨ ਉਸਨੇ ਆਪਣੀ ਗਲਤੀ ਵੀ ਮੰਨ ਲਈ।

ਲੋਕਾਂ 'ਚ ਗੁੱਸਾ ਅਤੇ ਜਲਦੀ ਗ੍ਰਿਫਤਾਰੀ ਦੀ ਕੀਤੀ ਮੰਗ

ਛੁੱਟੀ ਹੋਣ ਤੋਂ ਬਾਅਦ ਜਦੋਂ ਮੈਂ ਘਰ ਪਹੁੰਚੀ, ਮੈਨੂੰ ਬਹੁਤ ਡਰ ਲੱਗ ਰਿਹਾ ਸੀ। ਕਿਸੇ ਤਰ੍ਹਾਂ ਮੈਂ ਇਹ ਗੱਲ ਆਪਣੀ ਮਾਂ ਨੂੰ ਦੱਸੀ। ਬੱਚੀ ਵੱਲੋਂ ਦੱਸੀਆਂ ਗੱਲਾਂ ਨੂੰ ਲੈ ਕੇ ਪਰਿਵਾਰ ਵਿੱਚ ਕਾਫ਼ੀ ਗੁੱਸਾ ਹੈ ਅਤੇ ਕਿਸ਼ਨਗੜ੍ਹ ਚੌਕੀ ਵਿੱਚ ਇਸ ਬਾਰੇ ਸ਼ਿਕਾਇਤ ਦਰਜ ਕਰਵਾਈ ਗਈ। ਪੁਲਿਸ ਨੇ ਕੇਸ ਦਰਜ ਕਰਕੇ ਦੋਸ਼ੀ ਡੀਪੀ ਮਾਸਟਰ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।ਦੱਸਿਆ ਜਾਂਦਾ ਹੈ ਕਿ ਕੁਝ ਦਿਨ ਪਹਿਲਾਂ ਵੀ 13 ਸਾਲ ਦੀ ਬੱਚੀ ਨਾਲ ਇਸ ਤਰ੍ਹਾਂ ਦੀ ਸ਼ਰਮਨਾਕ ਹਰਕਤ ਹੋਈ ਸੀ ਅਤੇ ਦਰਿੰਦੇ ਨੇ ਉਸ ਬੱਚੀ ਨੂੰ ਮਾਰ ਦਿੱਤਾ ਸੀ। ਹੁਣ ਪਿੰਡ ਦੇ ਸਰਕਾਰੀ ਸਕੂਲ ਵਿੱਚ ਹੋਈ ਇਹ ਘਟਨਾ ਨਾ ਸਿਰਫ਼ ਸਕੂਲ ਦਾ ਨਾਮ ਖਰਾਬ ਕਰ ਰਹੀ ਹੈ, ਸਗੋਂ ਪਿੰਡ ਦੀ ਇੱਜ਼ਤ ਨੂੰ ਵੀ ਠੇਸ ਪਹੁੰਚਾ ਰਹੀ ਹੈ। ਪੂਰੇ ਪਿੰਡ ਵਿੱਚ ਇਸ ਘਟਨਾ ਦੀ ਚਰਚਾ ਹੈ ਅਤੇ ਲੋਕਾਂ ਨੇ ਮੰਗ ਕੀਤੀ ਹੈ ਕਿ ਦੋਸ਼ੀ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਕੇ ਸਖਤ ਸਜ਼ਾ ਦਿੱਤੀ ਜਾਵੇ।

ਇਸ ਘਟਨਾ ਸਬੰਧੀ ਜਦੋਂ ਥਾਣਾ ਪ੍ਰਭਾਰੀ ਰਮਨਦੀਪ ਸਿੰਘ ਅਤੇ ਕਿਸ਼ਨਗੜ੍ਹ ਚੌਕੀ ਪ੍ਰਭਾਰੀ ਨਰਿੰਦਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਡੀਪੀ ਮਾਸਟਰ ਰਜਿੰਦਰ ਕੁਮਾਰ (ਪੁੱਤਰ ਬਲਬੀਰ ਕੁਮਾਰ, ਨਿਵਾਸੀ ਬਿਆਸ ਪਿੰਡ) ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਦੋਸ਼ੀ ਨੂੰ ਕਾਬੂ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਥੇ ਉਸ ਨੂੰ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ‘ਤੇ ਜੇਲ੍ਹ ਭੇਜ ਦਿੱਤਾ ਗਿਆ ਹੈ।ਉਹਨਾਂ ਇਹ ਵੀ ਕਿਹਾ ਕਿ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜੇਕਰ ਇਸ ਵਿੱਚ ਹੋਰ ਕੋਈ ਵੀ ਦੋਸ਼ੀ ਮਿਲਿਆ ਤਾਂ ਉਸ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।