Jalandhar Landlord Attack : ਜਲੰਧਰ ਦੇ ਕਿਸ਼ਨਪੁਰਾ ਇਲਾਕੇ ਵਿੱਚ ਕਿਰਾਏ ਦੇ ਪੈਸਿਆਂ ਨੂੰ ਲੈ ਕੇ ਮਕਾਨ ਮਾਲਕ ਅਤੇ ਕਿਰਾਏਦਾਰ ਵਿਚਾਲੇ ਵਿਵਾਦ ਹੋ ਗਿਆ। ਗੁੱਸੇ ਵਿੱਚ ਆਏ ਕਿਰਾਏਦਾਰ ਨੇ ਕੁਝ ਨੌਜਵਾਨਾਂ ਨੂੰ ਬੁਲਾ ਕੇ ਮਕਾਨ ਮਾਲਕ ਦੇ ਘਰ ’ਤੇ ਹਮਲਾ ਕਰਵਾ ਦਿੱਤਾ। ਇਸ ਘਟਨਾ ਦੀ CCTV ਫੁਟੇਜ ਵੀ ਸਾਹਮਣੇ ਆਈ ਹੈ। ਇਸ ਵਿੱਚ ਇੱਕ ਨੌਜਵਾਨ ਘਰ ’ਤੇ ਇੱਟਾਂ ਵਰ੍ਹਾਉਂਦਾ ਨਜ਼ਰ ਆ ਰਿਹਾ ਹੈ।

Continues below advertisement

ਐਤਵਾਰ ਸਵੇਰੇ ਕਿਰਾਏ ਦੇ ਪੈਸਿਆਂ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਬਹਿਸ ਹੋਈ ਸੀ। ਇਸ ਤੋਂ ਬਾਅਦ ਕਿਰਾਏਦਾਰ ਨੇ ਕੁਝ ਨੌਜਵਾਨਾਂ ਨੂੰ ਫੋਨ ਕਰਕੇ ਮੌਕੇ ’ਤੇ ਬੁਲਾ ਲਿਆ। ਨੌਜਵਾਨਾਂ ਨੇ ਘਰ ਦੇ ਬਾਹਰ ਮਕਾਨ ਮਾਲਕ ਨਾਲ ਕੁੱਟਮਾਰ ਕੀਤੀ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਇਸ ਦੌਰਾਨ ਇੱਟਾਂ-ਪੱਥਰ ਵੀ ਚਲਾਏ ਗਏ।

ਮਕਾਨ ਮਾਲਕ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਅੰਮ੍ਰਿਤਸਰ ਦਿਹਾਤੀ ਵਿੱਚ ਫਾਈਨੈਂਸਰ ਅਫਸਰ ਦੇ ਅਹੁਦੇ ’ਤੇ ਤਾਇਨਾਤ ਹੈ ਅਤੇ ਹਰ ਰੋਜ਼ ਸਵੇਰੇ ਡਿਊਟੀ ’ਤੇ ਚਲਾ ਜਾਂਦਾ ਹੈ। ਉਨ੍ਹਾਂ ਮੁਤਾਬਕ ਸਵੇਰੇ ਕਿਰਾਏ ਨੂੰ ਲੈ ਕੇ ਕਿਰਾਏਦਾਰ ਨਾਲ ਵਿਵਾਦ ਹੋਇਆ ਸੀ, ਜਿਸ ਤੋਂ ਬਾਅਦ ਉਸ ਨੇ ਬਾਹਰੋਂ ਨੌਜਵਾਨਾਂ ਨੂੰ ਬੁਲਾ ਕੇ ਘਰ ’ਤੇ ਹਮਲਾ ਕਰਵਾ ਦਿੱਤਾ।

Continues below advertisement

ਇੱਕ ਸਾਲ ਤੋਂ ਕਿਰਾਇਆ ਨਹੀਂ ਦੇ ਰਿਹਾ ਸੀ ਪਰਿਵਾਰ

ਮਕਾਨ ਮਾਲਕ ਮਨੀ ਨੇ ਦੱਸਿਆ ਕਿ ਉਨ੍ਹਾਂ ਨੇ ਅਜੈ ਨਾਮਕ ਨੌਜਵਾਨ ਨੂੰ ਮਕਾਨ ਕਿਰਾਏ ’ਤੇ ਦਿੱਤਾ ਸੀ, ਜਿੱਥੇ ਉਹ ਆਪਣੀ ਪਤਨੀ ਅਤੇ ਦੋ ਪੁੱਤਰਾਂ ਨਾਲ ਰਹਿੰਦਾ ਹੈ। ਉਨ੍ਹਾਂ ਮੁਤਾਬਕ ਕਿਰਾਇਆ ਮੰਗਣ ’ਤੇ ਪਰਿਵਾਰ ਅਕਸਰ ਬਦਤਮੀਜ਼ੀ ਕਰਦਾ ਸੀ। ਪਿਛਲੇ ਇੱਕ ਸਾਲ ਤੋਂ ਕਿਰਾਇਆ ਨਹੀਂ ਦਿੱਤਾ ਗਿਆ ਸੀ।

ਜਦੋਂ ਉਨ੍ਹਾਂ ਨੇ ਬਕਾਇਆ ਕਿਰਾਇਆ ਮੰਗਿਆ ਤਾਂ ਵਿਜੈ ਨਾਮਕ ਨੌਜਵਾਨ ਨੇ ਆਪਣੇ ਕੁਝ ਦੋਸਤਾਂ ਨੂੰ ਬੁਲਾ ਲਿਆ ਅਤੇ ਘਰ ’ਤੇ ਹਮਲਾ ਕਰ ਦਿੱਤਾ। ਮਨੀ ਦੇ ਅਨੁਸਾਰ ਮੁਲਜ਼ਮਾਂ ਨੇ ਇੱਟਾਂ ਦੇ ਨਾਲ ਕੱਚ ਦੀਆਂ ਬੋਤਲਾਂ ਵੀ ਸੁੱਟੀਆਂ, ਜਿਸ ਕਾਰਨ ਪੂਰੀ ਗਲੀ ਵਿੱਚ ਕੱਚ ਖਿੱਲਰ ਗਿਆ।

ਅਚਾਨਕ ਹਮਲੇ ਨਾਲ ਗਲੀ ਵਿੱਚ ਮਚੀ ਹਫੜਾ-ਦਫੜੀ

ਹਮਲਾਵਰਾਂ ਨੇ ਸਿਰਫ਼ ਮਕਾਨ ਮਾਲਕ ਨੂੰ ਹੀ ਨਿਸ਼ਾਨਾ ਨਹੀਂ ਬਣਾਇਆ, ਸਗੋਂ ਗਲੀ ਵਿੱਚ ਖੜ੍ਹੀ ਇੱਕ ਬਾਈਕ ਅਤੇ ਸਕੂਟੀ ਦੀ ਵੀ ਭੰਨਤੋੜ ਕੀਤੀ। ਇਸ ਤੋਂ ਇਲਾਵਾ ਸਾਹਮਣੇ ਸਥਿਤ ਇੱਕ ਹੋਰ ਘਰ ’ਤੇ ਵੀ ਹਮਲਾ ਕਰਨ ਦੀ ਗੱਲ ਸਾਹਮਣੇ ਆਈ ਹੈ। ਅਚਾਨਕ ਵਾਪਰੀ ਇਸ ਘਟਨਾ ਨਾਲ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ।

ਪੁਲਿਸ ਨੇ ਮੌਕੇ ਦਾ ਜਾਇਜ਼ਾ ਲਿਆ

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਰਾਮਾਮੰਡੀ ਥਾਣਾ ਪੁਲਿਸ ਦੇ ਜਾਂਚ ਅਧਿਕਾਰੀ ਹਰਜੀਤ ਸਿੰਘ ਟੀਮ ਸਮੇਤ ਮੌਕੇ ’ਤੇ ਪਹੁੰਚੇ। ਪੁਲਿਸ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਉੱਥੇ ਮੌਜੂਦ ਲੋਕਾਂ ਦੇ ਬਿਆਨ ਦਰਜ ਕੀਤੇ। ਹੁਣ ਪੁਲਿਸ CCTV ਫੁਟੇਜ ਅਤੇ ਲੋਕਾਂ ਦੇ ਬਿਆਨਾਂ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਕਰ ਰਹੀ ਹੈ।