Model Fair Price Shops in Jalandhar: ਜਲੰਧਰ ਜ਼ਿਲ੍ਹੇ ਦੇ ਜਿਨ੍ਹਾਂ ਪਿੰਡਾਂ ਵਿੱਚ ਰਾਸ਼ਨ ਡਿਪੂ ਨਹੀਂ ਹਨ, ਵਿਖੇ ਮਾਡਲ ਫੇਅਰ ਪ੍ਰਾਈਜ਼ ਸ਼ਾਪਸ (ਰਾਸ਼ਨ ਦੀਆਂ ਦੁਕਾਨਾਂ) ਖੋਲ੍ਹਣ ਦੇ ਚੱਲ ਰਹੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਪਹਿਲੇ ਪੜਾਅ ਅਧੀਨ ਜ਼ਿਲ੍ਹੇ ਵਿੱਚ 38 ਥਾਵਾਂ ’ਤੇ ਅਜਿਹੀਆਂ ਫੇਅਰ ਪ੍ਰਾਈਜ਼ ਦੁਕਾਨਾਂ ਖੋਲ੍ਹੀਆਂ ਜਾਣਗੀਆਂ।
ਇਸ ਸਬੰਧੀ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਦੁਕਾਨਾਂ ਨੂੰ ਮਾਰਕਫੈੱਡ ਵੱਲੋਂ ਚਲਾਇਆ ਜਾਵੇਗਾ, ਜਿਥੇ ਸਮਾਰਟ ਕਾਰਡ (ਆਟਾ-ਦਾਲ ਕਾਰਡ) ਦੇ ਲਾਭਪਾਤਰੀਆਂ ਨੂੰ ਮਿਲਣ ਵਾਲਾ ਰਾਸ਼ਨ ਸਪਲਾਈ ਕਰਨ ਦੇ ਨਾਲ-ਨਾਲ ਮਾਰਕਫੈੱਡ ਦੇ ਉਤਪਾਦ ਵੀ ਵੇਚੇ ਜਾ ਸਕਣਗੇ।
ਸਾਰੰਗਲ ਨੇ ਦੱਸਿਆ ਕਿ ਸੀ.ਐਮ.ਐਸ ਗੁਰਾਇਆ, ਸੀ.ਐਮ.ਐਸ. ਨਕੋਦਰ ਅਤੇ ਪਿੰਡ ਚੋਮੁ, ਜੰਡਿਆਲਾ, ਸਰਹਾਲੀ, ਢੰਡਵਾਰ, ਬ੍ਰਹਮਪੁਰ, ਦਿਆਲਪੁਰ, ਹਜ਼ਾਰਾ, ਰਾਏਪੁਰ ਰਸੂਲਪੁਰ, ਮੰਡਿਆਲਾ, ਮਹਿਸਮਪੁਰ, ਹਰੀਪੁਰ, ਉਮਰਾਵਾਲ ਬਿੱਲਾ, ਖੋਖੇਵਾਲ, ਸੰਘੇ ਖਾਲਸਾ, ਮਾਓ ਸਾਹਿਬ, ਮੋਰੋਂ, ਤੇਹਾਂਗ, ਕਿੱਲੀ ਅਤੇ ਸਿੰਦੜ ਸਮੇਤ 21 ਥਾਵਾਂ ’ਤੇ ਮਾਡਲ ਫੇਅਰ ਪ੍ਰਾਈਜ਼ ਦੁਕਾਨਾਂ ਦਾ ਕੰਮ ਨੇਪਰੇ ਚਾੜ੍ਹਿਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਹ ਦੁਕਾਨਾਂ ਇਨ੍ਹਾਂ ਪਿੰਡਾਂ ਵਿੱਚ ਚੱਲ ਰਹੀਆਂ ਸਹਿਕਾਰੀ ਸਭਾਵਾਂ ਵਿੱਚ ਚਲਾਈਆਂ ਜਾਣਗੀਆਂ।
ਬਾਕੀ ਥਾਵਾਂ ’ਤੇ ਚੱਲ ਰਹੇ ਕੰਮ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਇਸ ਕਾਰਜ ਨੂੰ ਪਹਿਲੀ ਤਰਜੀਹ ਦਿੰਦਿਆਂ 31 ਦਸੰਬਰ 2023 ਤੱਕ ਮੁਕੰਮਲ ਕਰਨ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਯੋਗ ਲਾਭਪਾਤਰੀ ਇਸ ਸੁਵਿਧਾ ਦਾ ਲਾਭ ਲੈ ਸਕਣ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਵਰਿੰਦਰਪਾਲ ਸਿੰਘ ਬਾਜਵਾ, ਐਸ.ਡੀ.ਐਮਜ਼. ਰਿਸ਼ਭ ਬਾਂਸਲ, ਗੁਰਸਿਮਰਨ ਸਿੰਘ, ਬਲਬੀਰ ਰਾਜ ਸਿੰਘ, ਅਮਨਪਾਲ ਸਿੰਘ ਅਤੇ ਮੇਜਰ ਡਾ. ਇਰਵਿਨ ਕੌਰ, ਡੀ.ਐਮ. ਮਾਰਕਫੈੱਡ ਇੰਦਰਜੀਤ ਸਿੰਘ, ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਗੁਰਵਿੰਦਰਜੀਤ ਸਿੰਘ ਆਦਿ ਵੀ ਮੌਜੂਦ ਸਨ।