ਜਲੰਧਰ ਚ ਇਕ ਅਜਿਹਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਜਾਣਕਾਰੀ ਮੁਤਾਬਿਕ ਇੱਥੇ ਦੇ ਸਵਰਨ ਪਾਰਕ ਨੇੜੇ ਇਕ ਮੁਹੱਲੇ ਦੇ ਮੁਖੀ, ਉਸ ਦੀ ਪਤਨੀ ਅਤੇ ਉਸ ਦੇ ਸਾਥੀਆਂ ਵਲੋਂ ਮਿਲ ਕੇ ਇਕ ਔਰਤ ਨਾਲ ਦੁਰਵਿਵਹਾਰ ਕੀਤਾ ਗਿਆ ਹੈ । ਦੋਸ਼ ਹੈ ਕਿ   ਚੱਪਲਾਂ ਨਾਲ ਵੀ ਉਸ ਔਰਤ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ।  ਇਸ ਸਬੰਧੀ ਥਾਣਾ ਡਵੀਜ਼ਨ ਨੰਬਰ-8 ਦੀ ਪੁਲਿਸ ਨੇ ਪੀੜਤਾ ਪੂਨਮ ਦੇ ਬਿਆਨ ਦਰਜ ਕਰਕੇ ਰਣਜੀਤ ਸਿੰਘ ਉਰਫ਼ ਡੀਸੀ ਗੁਰਜਿੰਦਰ ਸਿੰਘ ਵਾਸੀ ਗੁਰੂ ਰਾਮਦਾਸ ਨਗਰ, ਬੱਲੀ ਪ੍ਰਧਾਨ ਖ਼ਿਲਾਫ਼ ਆਈਪੀਸੀ ਦੀ ਧਾਰਾ 323 (ਕੁੱਟਮਾਰ), 341 (ਸੜਕ ਵਿੱਚ ਰੁਕਾਵਟ) ਦਰਜ ਕਰ ਲਿਆ ਹੈ। ਉਸ ਦੀ ਪਤਨੀ ਅਤੇ ਹੋਰਾਂ 'ਤੇ ਧਾਰਾ 354ਏ (ਔਰਤ ਨਾਲ ਦੁਰਵਿਵਹਾਰ) ਅਤੇ 34 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸਾਰੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਬਾਕੀ ਹੈ।


ਇਸ ਦੇ ਨਾਲ ਹੀ ਬੱਲੀ ਨੇ ਦੱਸਿਆ ਕਿ ਉਸ ਦਾ ਟੈਕਸੀ ਦਾ ਕੰਮ ਹੈ।  ਇਹ ਸਿਆਸੀ ਰੰਜਿਸ਼ ਕਾਰਨ ਉਸ ਦੇ ਖਿਲਾਫ ਖਿਲਾਫ ਐੱਫ.ਆਈ.ਆਰ. ਦਰਜ ਕਰਵਾਈ ਗਈ ਹੈ। ਬੱਲੀ ਨੇ ਕਿਹਾ ਕਿ ਮੇਰੇ 'ਤੇ ਲੱਗੇ ਸਾਰੇ ਦੋਸ਼ ਗਲਤ ਹਨ।


 


ਪੂਨਮ ਪਤਨੀ ਪੱਪੂ ਸ਼ਾਹ ਵਾਸੀ ਸਵਰਨ ਪਾਰਕ ਨੇ ਦੱਸਿਆ ਕਿ ਉਹ ਮਜ਼ਦੂਰੀ ਕਰਦੀ ਹੈ। ਬੀਤੀ ਰਾਤ ਕਰੀਬ 9.30 ਵਜੇ ਉਹ ਇਲਾਕੇ ਦੇ ਰਹਿਣ ਵਾਲੇ ਬੱਲੀ ਪ੍ਰਧਾਨ ਦੇ ਘਰ ਨੇੜੇ ਦੁੱਧ ਡਲਿਵਰੀ ਕਰਨ ਵਾਲੇ ਵਿਅਕਤੀ ਨਾਲ ਗੱਲ ਕਰ ਰਹੀ ਸੀ। ਇਸੇ ਦੌਰਾਨ ਸਵਰਨ ਪਾਰਕ ਦਾ ਰਹਿਣ ਵਾਲਾ ਰਣਜੀਤ ਸਿੰਘ ਉਰਫ਼ ਡੀਸੀ ਆ ਗਿਆ ਅਤੇ ਉਸ ਨੇ ਆਉਂਦਿਆਂ ਹੀ ਪੂਨਮ ਦਾ ਦੁਪੱਟਾ ਖਿੱਚ ਲਿਆ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ।


ਜਦੋਂ ਪੂਨਮ ਨੇ ਵਿਰੋਧ ਕੀਤਾ ਤਾਂ ਡੀਸੀ ਨੇ ਉਸ ਨੂੰ ਥੱਪੜ ਮਾਰਨਾ ਸ਼ੁਰੂ ਕਰ ਦਿੱਤਾ। ਜਦੋਂ ਉਸਨੇ ਬੱਲੀ ਪ੍ਰਧਾਨ ਨੂੰ ਮਦਦ ਲਈ ਬੁਲਾਇਆ ਤਾਂ ਬੱਲੀ ਪ੍ਰਧਾਨ ਅਤੇ ਉਸਦੀ ਪਤਨੀ ਘਰੋਂ ਬਾਹਰ ਆ ਗਏ ਅਤੇ ਉਸਨੂੰ ਜ਼ਬਰਦਸਤੀ ਆਪਣੇ ਘਰ ਲੈ ਗਏ। ਦੋਸ਼ ਹੈ ਕਿ ਬੱਲੀ ਪ੍ਰਧਾਨ ਦੀ ਪਤਨੀ ਦੇ ਕਹਿਣ 'ਤੇ ਪੂਨਮ ਨੂੰ ਚੱਪਲਾਂ ਨਾਲ ਕੁੱਟਿਆ ਗਿਆ।  
 


ਘਟਨਾ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਤੁਰੰਤ ਪੂਨਮ ਨੂੰ ਹਸਪਤਾਲ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਨੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ। ਪੁਲਿਸ ਨੇ ਜਾਂਚ ਤੋਂ ਬਾਅਦ ਇਹ ਮਾਮਲਾ ਦਰਜ ਕਰ ਲਿਆ ਹੈ।