Lok Sabha Elections 2024: ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫੋਂ ਲੋਕ ਸਭਾ ਚੋਣਾਂ-2024 ਦੌਰਾਨ ਵੱਧ ਤੋਂ ਵੱਧ ਲੋਕਾਂ ਨੂੰ ਬਿਨ੍ਹਾਂ ਕਿਸੇ ਡਰ ਤੇ ਭੈਅ ਅਤੇ ਨਿਰਪੱਖ ਹੋ ਕੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਲਈ ਮੋਗੈਂਬੋ , ਗੱਬਰ ਤੇ ਗਜਨੀ ਸੁਨੇਹਾ ਦੇ ਰਹੇ ਹਨ ।  ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਵੀਪ ਪ੍ਰੋਗਰਾਮ ਤਹਿਤ ਵੱਡੇ ਚੌਂਕਾਂ ਵਿਖੇ ਨਿਵੇਕਲੀ ਪਹਿਲ ਤਹਿਤ  ਵੱਖ-ਵੱਖ ਗ੍ਰਾਫਟੀਆਂ ਬਣਾਈਆਂ ਗਈਆਂ ਹਨ।  ਇਨ੍ਹਾਂ ਵਿੱਚ ਫਿਲਮਾਂ ਦੇ ਮਸ਼ਹੂਰ ਚਰਿੱਤਰਾਂ “ ਮੋਗੈਂਬੋ , ਗੱਬਰ , ਗਜਨੀ “ ਆਦਿ ਨੂੰ ਰੂਪਮਾਨ ਕਰਕੇ ਵੱਧ ਤੋਂ ਵੱਧ ਵੋਟਿੰਗ ਦਾ ਸੱਦਾ ਦਿੱਤਾ ਗਿਆ ਹੈ । 


ਜ਼ਿਲ੍ਹਾ ਚੋਣ ਅਫ਼ਸਰ-ਕਮ- ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋਕ ਸਭਾ ਚੋਣਾਂ ਦੌਰਾਨ 70 ਫੀਸਦੀ ਤੋਂ ਵੱਧ ਮਤਦਾਨ ਦੇ ਟੀਚੇ ਨੂੰ ਹਾਸਿਲ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋਕਾਂ ਖਾਸ ਕਰਕੇ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਸਵੀਪ ਪ੍ਰੋਗਰਾਮ ਤਹਿਤ ਵੱਖ-ਵੱਖ ਗਤੀਵਿਧੀਆਂ ਕਰਵਾਉਣ ਤੋਂ ਇਲਾਵਾ ਸ਼ਹਿਰ ਦੀਆਂ ਪ੍ਰਮੁੱਖ ਥਾਵਾਂ ’ਤੇ ਮਸ਼ਰੂਹ ਫਿਲਮਾਂ ਦੇ ਡਾਇਲਾਗ, ਤਸਵੀਰਾਂ ਦੇ ਨਾਲ ਵੋਟਰਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। 




 ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਿਸ਼ੇਸ਼ ਪਹਿਲ ਕਰਦਿਆਂ ਵੱਖ-ਵੱਖ ਥਾਵਾਂ ’ਤੇ ਬਣਾਈਆਂ ਗਈਆਂ ਇਹ ਗ੍ਰਾਫਟੀਆਂ ਲੋਕਾਂ ਖਾਸ ਕਰਕੇ ਨੌਜਵਾਨਾਂ ਲਈ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ ਅਤੇ ਦੇਸ਼ ਦੇ ਲੋਕਤੰਤਰ ਦੇ ਇਸ ਸਭ ਤੋਂ ਵੱਡੇ ਤਿਉਹਾਰ ਦੌਰਾਨ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਨ ਲਈ ਲਿਖੇ ਵੱਖ-ਵੱਖ ਸਲੋਗਨ ਜਿਵੇਂ ‘ਯੂਥ ਦਾ ਇਕੋ ਹੀ ਟਸ਼ਨ ਮਨਾਉਣਗੇ ਵੋਟਾਂ ਦਾ ਜਸਨ’, ‘ਅਰੇ ਉਏ ਸਾਂਭਾ ਕਦੋਂ ਹੈ ਵੋਟਾਂ, 01 ਜੂਨ 2024’ , ‘ ਇਹ ਨਾ ਸੋਚੋ ਇਕ ਵੋਟ ਕੀ ਫਰਕ ਲਿਆਏਗਾ, ਤੁਹਾਡਾ ਮਤਦਾਨ ਹੀ ਦੇਸ਼ ਨੂੰ ਅੱਗੇ ਵਧਾਏਗਾ’ ਅਤੇ ‘ਇਸ ਵਾਰ ਵੋਟ ਪਾਉਣੀ ਨਹੀਂ ਭੁੱਲਾਂਗਾ’ ਹੋਕਾ ਦੇ ਰਹੇ ਹਨ।    


 ਉਨ੍ਹਾਂ ਇਹ ਵੀ ਦੱਸਿਆ ਕਿ ਇਸ ਵਾਰ ਲੋਕ ਸਭਾ ਚੋਣਾਂ-2024 ਦੌਰਾਨ ਜ਼ਿਲ੍ਹੇ ਵਿੱਚ 16.42 ਲੱਖ ਵੋਟਰਾਂ ਵਲੋਂ 1951 ਪੋਲਿੰਗ ਬੂਥਾਂ ’ਤੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਜਾਵੇਗਾ ਜਿਸ ਦੇ ਲਈ ਜਿਲ੍ਹਾ ਪ੍ਰਸ਼ਾਸਨ ਵਲੋਂ ਵੋਟਰਾਂ ਦੀ ਸਹੂਲਤ ਲਈ ਹਰੇਕ ਪੋਲਿੰਗ ਬੂਥ ’ਤੇ ਪੁਖ਼ਤਾ ਇੰਤਜ਼ਾਮ ਯਕੀਨੀ ਬਣਾਏ ਜਾ ਰਹੇ ਹਨ।