Punjab News : ਪੰਜਾਬ 'ਚ ਠੰਢ ਦੇ ਨਾਲ -ਨਾਲ ਸੰਘਣੀ ਧੁੰਦ ਪੈ ਰਹੀ ਹੈ ,ਜਿਸ ਕਾਰਨ ਕਈ ਸੜਕ ਹਾਦਸੇ ਵਾਪਰ ਰਹੇ ਹਨ। ਧੁੰਦ ਕਾਰਨ ਰਾਤ ਵੇਲੇ ਠੀਕ ਤਰ੍ਹਾਂ ਦਿਖਾਈ ਨਹੀਂ ਦਿੰਦਾ। ਅਜਿਹੇ 'ਚ ਉਹ ਰਸਤੇ 'ਚ ਖੜ੍ਹੇ ਕਿਸੇ ਵਾਹਨ ਨਾਲ ਟਕਰਾ ਜਾਂਦੇ ਹਨ ਜਾਂ ਸੜਕਾਂ ਦੇ ਕਿਨਾਰਿਆਂ 'ਤੇ ਚਿੱਟੀਆਂ ਪੱਟੀਆਂ ਨਾ ਹੋਣ ਕਾਰਨ ਵਾਹਨ ਸੜਕ ਤੋਂ ਉਤਰ ਕੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ।

 

ਜਲੰਧਰ -ਜੰਮੂ ਕੌਮੀ ਸ਼ਾਹ ਮਾਰਗ 'ਤੇ ਸੰਘਣੀ ਧੁੰਦ ਕਰਕੇ ਟਰੱਕ ਅਤੇ ਮਹਿੰਦਰਾ ਪਿਕਅਪ ਗੱਡੀ ਵਿਚਾਲੇ ਟੱਕਰ ਹੋ ਗਈ ਹੈ। ਇਸ ਹਾਦਸੇ ਦੇ ਕਾਰਨ ਦੋਵੇਂ ਵਾਹਨਾਂ ਦਾ ਪੂਰੀ ਤਰ੍ਹਾਂ ਨੁਕਸਾਨ ਹੋਇਆ ਹੈ। ਹਾਈਵੇਅ ਪੇਟ੍ਰੋਲਿੰਗ ਦੇ ਮੁਲਾਜ਼ਮਾਂ ਨੇ 2 ਘੰਟੇ ਦੀ ਕੜੀ ਮੁਸ਼ੱਕਤ ਤੋਂ ਬਾਅਦ ਜੇਸੀਬੀ ਦੇ ਨਾਲ ਅਤੇ ਛੱਤ ਕੱਟ ਕੇ ਜ਼ਖ਼ਮੀ ਡਰਾਈਵਰ ਤੇ ਸਾਥੀ ਨੂੰ ਬਾਹਰ ਕੱਢਿਆ ਹੈ ਅਤੇ ਹਸਪਤਾਲ ਪਹੁੰਚਾਇਆ ਹੈ।

 

 ਇਸ ਤੋਂ ਇਲਾਵਾ ਟਾਂਡਾ ਉੜਮੁੜ 'ਚ ਧੁੰਦ ਕਾਰਨ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਜਿੱਥੇ ਦੇਰ ਸ਼ਾਮ ਵਾਪਰੇ ਭਿਆਨਕ ਸੜਕ ਹਾਦਸੇ 'ਚ ਕਾਰ ਦੀ ਲਪੇਟ ਵਿੱਚ ਆਉਣ ਕਾਰਨ ਨੌਜਵਾਨ ਦੀ ਬਾਂਹ ਕੱਟੀ ਗਈ ਹੈ।  ਸੰਘਣੀ ਧੁੰਦ ਕਾਰਨ ਖੇਤਾਂ ਵਿੱਚ ਦਰੱਖਤ ਵੱਢਣ ਦਾ ਕੰਮ ਖਤਮ ਕਰਕੇ ਸੜਕ ਕਿਨਾਰੇ ਖੜ੍ਹੇ ਟਰੈਕਟਰ ਨਾਲ ਕਾਰ ਟਕਰਾਉਣ ਤੋਂ ਬਾਅਦ ਇਹ ਹਾਦਸਾ ਵਾਪਰਿਆ ਹੈ।

 

ਦੱਸ ਦੇਈਏ ਕਿ ਪਹਾੜਾਂ 'ਤੇ ਬਰਫਬਾਰੀ ਹੋਣ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਹਿੱਸਿਆਂ ‘ਚ ਪਿਛਲੇ ਕਈ ਦਿਨਾਂ ਤੋਂ ਠੰਡ ‘ਚ ਵਾਧਾ ਹੋਇਆ ਹੈ ਅਤੇ ਸੰਘਣੀ ਧੁੰਦ ਦਾ ਕਹਿਰ ਵੀ ਜਾਰੀ ਹੈ। ਪੰਜਾਬ ਵਿੱਚ ਅੱਜ ਸਵੇਰੇ 5 ਵਜੇ ਤੋਂ ਸੰਘਣੀ ਧੁੰਦ ਪੈਣੀ ਸ਼ੁਰੂ ਹੋ ਗਈ ਸੀ, ਜਿਸ ਕਾਰਨ ਟਰੈਫਿਕ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਧੁੰਦ ਦੇ ਕਾਰਨ ਜਨਜੀਵਨ ਕਾਫੀ ਪ੍ਰਭਾਵਿਤ ਹੋ ਗਿਆ ਹੈ। ਧੁੰਦ ਕਾਰਨ ਸਕੂਲੀ ਬੱਚਿਆਂ ਅਤੇ ਕੰਮਾਂਕਾਰਾਂ ਉਤੇ ਜਾਣ ਵਾਲਿਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
 
ਪੰਜਾਬ 'ਚ ਤਾਪਮਾਨ 'ਚ ਗਿਰਾਵਟ ਦੇ ਨਾਲ ਹੀ ਠੰਡ ਵਧ ਗਈ ਹੈ ਅਤੇ ਹੁਣ ਧੁੰਦ ਦੀ ਚਾਦਰ ਦਿਖਾਈ ਦੇ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਸਵੇਰੇ ਬਹੁਤ ਹੀ ਸੰਘਣੀ ਧੁੰਦ ਦੇਖਣ ਨੂੰ ਮਿਲ ਰਹੀ ਹੈ। ਇਸ ਦੇ ਨਾਲ ਹੀ ਸ਼ਾਮ ਤੋਂ ਬਾਅਦ ਵੀ ਇਹੀ ਸਥਿਤੀ ਦੇਖਣ ਨੂੰ ਮਿਲ ਰਹੀ ਹੈ। ਦਫ਼ਤਰ ਜਾਣ ਵਾਲਿਆਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖ਼ਰਾਬ ਵਿਜ਼ੀਬਿਲਟੀ ਕਾਰਨ ਗੱਡੀ ਚਲਾਉਣ ਵਿੱਚ ਦਿੱਕਤ ਆ ਰਹੀ ਹੈ। ਵਧਦੀ ਠੰਡ ਦੇ ਮੱਦੇਨਜ਼ਰ ਇਹ ਸਿਲਸਿਲਾ ਹੋਰ ਵੀ ਜਾਰੀ ਰਹਿਣ ਦੀ ਸੰਭਾਵਨਾ ਹੈ।