ਜਲੰਧਰ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਪਿੰਡ ਛੋਟਾ ਪਾਲ ਨੌ ਵਿੱਚ ਵਾਪਰੀ ਹੈ। ਪਿੰਡ ਦੇ ਪੰਚ ਨੇ ਨਾਬਾਲਗ ਪ੍ਰਵਾਸੀ ਮਜ਼ਦੂਰ ਦੇ ਪੈਰ ਬੰਨ ਕੇ ਉਸ ਨੂੰ ਦਰਖਤ ਨਾਲ ਉਲਟਾ ਲਟਕਾ ਦਿੱਤਾ ਤੇ ਫਿਰ ਉਸ ਨਾਲ ਕੁੱਟਮਾਰ ਕੀਤੀ। ਪੰਚ ਮਨਵੀਰ ਨੇ ਬਕਾਇਦਾ ਤੌਰ 'ਤੇ ਵੀਡੀਓ ਵੀ ਬਣਾਈ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਪੰਚ ਮਨਵੀਰ ਨੂੰ ਗ੍ਰਿਫ਼ਤਾਰ ਕਰ ਲਿਆ।



ਪੰਚ ਮਨਵੀਰ ਵੱਲੋਂ ਇਹ ਘਟਨਾ ਨੂੰ ਅੰਜ਼ਾਮ 35 ਹਜ਼ਾਰ ਰੁਪਏ ਬਦਲੇ ਕੀਤਾ ਗਿਆ। ਦਰਅਸਲ ਪ੍ਰਵਾਸੀ ਮਜ਼ਦੂਰ ਦਾ ਇੱਕ ਸਾਥੀ ਅਮਰਜੀਤ ਜਲੰਧਰ ਦੇ ਇਸੇ ਹੀ ਪਿੰਡ ਵਿੱਚ ਪੰਚ ਮਨਵੀਰ ਸਿੰਘ ਕੋਲ ਮਜ਼ਦੂਰੀ ਕਰਦਾ ਸੀ। ਮਨਵੀਰ ਨੇ ਅਮਰਜੀਤ ਨੂੰ 35 ਹਜ਼ਾਰ ਰੁਪਏ ਅਡਵਾਂਸ ਦਿੱਤੇ ਸਨ, ਬਿਹਾਰ ਦੇ ਜ਼ਿਲ੍ਹਾ ਪੂਰਨੀਆ ਦਾ ਰਹਿਣ ਵਾਲਾ ਅਮਰਜੀਤ ਪੈਸੇ ਲੈ ਕੇ ਪਿੰਡ ਤੋਂ ਫਰਾਰ ਹੋ ਗਿਆ। 


ਇਸ ਤੋਂ ਬਾਅਦ ਪੰਚ ਮਨਵੀਰ ਨੂੰ ਪਤਾ ਲੱਗਾ ਕਿ ਪੈਸੇ ਲੈ ਕੇ ਭੱਜੇ ਅਮਰਜੀਤ ਦੇ ਪਿੰਡ ਪੂਰਨੀਆ ਦਾ ਮਿਥਲੇਸ਼ ਜਿਸ ਦੀ ਉਮਰ 17 ਸਾਲ ਹੈ ਉਹ ਉਸੇ ਹੀ ਪਿੰਡ 'ਚ ਹੀ ਰਹਿ ਰਿਹਾ ਹੈ, ਇਸ ਲਈ ਮਨਵੀਰ ਨੇ ਨਾਬਾਲਗ ਪ੍ਰਵਾਸੀ ਮਜ਼ਦੂਰ ਨੂੰ ਕਿਡਨੈਪ ਕਰ ਲਿਆ ਤੇ  ਨੇੜਲੇ ਪਿੰਡ ਪਲਕਦੀਮ ਵਿੱਚ ਇੱਕ ਖੇਤ 'ਚ ਲੈ ਗਿਆ। 



ਉੱਥੇ ਨਾਬਾਲਗ ਮਜ਼ਦੂਰ ਦੀਆਂ ਦੋਵੇਂ ਲੱਤਾਂ ਰੱਸੀ ਨਾਲ ਬੰਨ੍ਹ ਕੇ ਦਰੱਖਤ ਨਾਲ ਉਲਟਾ ਲਟਕਾ ਦਿੱਤਾ ਗਿਆ। ਫਿਰ ਵੀਡੀਓ ਕਾਲ ਰਾਹੀਂ ਨਾਬਾਲਗ ਮਜ਼ਦੂਰ ਦੇ ਮਾਤਾ-ਪਿਤਾ ਨੂੰ ਉਨ੍ਹਾਂ ਦੇ ਪੁੱਤਰ ਨਾਲ ਕੁੱਟਮਾਰ ਕਰਦਿਆਂ ਦੀ ਵੀਡੀਓ ਦਿਖਾਈ। ਪੀੜਤ ਮਜ਼ਦੂਰ ਦਾ ਪਰਿਵਾਰ ਵੀਡੀਓ ਦੇਖ ਕੇ ਰੋਣ ਲੱਗ ਪਇਆ। ਮਨਵੀਰ ਨੇ ਧਮਕੀ ਦਿੱਤੀ ਕਿ 35 ਹਜ਼ਾਰ ਦਿਓ ਨਹੀਂ ਤਾਂ ਜਾਨੋਂ ਮਾਰ ਦਿੱਤਾ ਜਾਵੇਗਾ। ਪੀੜਤ ਮਜ਼ਦੂਰ ਦੇ ਪਰਿਵਾਰ ਨੇ ਕਰਜ਼ਾ ਲੈ ਕੇ ਮਨਪ੍ਰੀਤ ਦੇ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾ ਦਿੱਤੇ।



ਪੰਚ ਮਨਵੀਰ ਸਿੰਘ ਨੇ ਪੀੜਤ ਮਜ਼ਦੂਰ ਦੀ ਇੰਨੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਕਿ ਉਸ ਦੇ ਕੰਨ, ਨੱਕ ਅਤੇ ਅੱਖਾਂ ਵਿਚੋਂ ਖੂਨ ਵਹਿਣ ਲੱਗਾ। ਤਬੀਅਤ ਵਿਗੜਨ 'ਤੇ ਮਨਵੀਰ ਉਸ ਨੂੰ ਕਿਸੇ ਅਣਪਛਾਤੀ ਥਾਂ 'ਤੇ ਕਮਰੇ 'ਚ ਲੈ ਗਿਆ। 35 ਹਜ਼ਾਰ ਮਿਲਣ ਦੀ ਖੁਸ਼ੀ 'ਚ ਮੁਲਜ਼ਮ ਮਨਪ੍ਰੀਤ ਨੇ ਆਪਣੇ ਤਿੰਨ ਦੋਸਤਾਂ ਨਾਲ ਨਵਾਂਸ਼ਹਿਰ 'ਚ ਸ਼ਰਾਬ ਦੀ ਪਾਰਟੀ ਕੀਤੀ। ਇਸ ਤੋਂ ਬਾਅਦ ਪੁਲਿਸ ਨੇ ਮਨਵੀਰ ਨੂੰ ਤਾਂ ਗ੍ਰਿਫ਼ਤਾਰ ਕਰ ਲਿਆ ਪਰ ਉਸ ਦੇ ਸਾਥੀਆਂ ਦੀ ਹਾਲੇ ਤੱਕ ਭਾਲ ਕੀਤੀ ਜਾ ਰਹੀ ਹੈ।