Ice Drug case: ਆਈ ਡਰੱਗ ਨਾਲ ਗ੍ਰਿਫ਼ਤਾਰ ਕੀਤੇ ਸ੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਹੈਪੀ ਦੀ ਜ਼ਮਾਨਤ ਪਟੀਸ਼ਨ 'ਤੇ ਅੱਜ ਸੁਣਵਾਈ ਹੋਣ ਜਾ ਰਹੀ ਹੈ। ਪੁਲਿਸ ਨੇ 11 ਜੁਲਾਈ ਨੂੰ ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਆਈ ਡਰੱਗ ਨਾਲ ਕਾਰ 'ਚੋਂ ਗ੍ਰਿਫ਼ਤਾਰ ਕੀਤਾ ਸੀ। 



ਇਸ ਤੋਂ ਇਲਾਵਾ ਜਲੰਧਰ ਪੁਲਿਸ ਨੇ ਬੀਤੇ ਦਿਨ ਹੀ ਹਰਪ੍ਰੀਤ ਸਿੰਘ  ਅਤੇ ਉਸਦੇ ਸਾਥੀ ਦਾ ਜਲੰਧਰ ਸੈਸ਼ਨ ਕੋਰਟ ਤੋਂ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਸੀ। ਜਲੰਧਰ ਸੈਸ਼ਨ ਕੋਰਟ ਤੋਂ ਪੁਲਿਸ ਨੇ ਹਰਪ੍ਰੀਤ ਸਿੰਘ ਦੇ 10 ਦਿਨਾਂ ਦੇ ਰਿਮਾਂਡ ਦੀ ਮੰਗ ਰੱਖੀ ਸੀ।  ਪਰ ਅਦਾਲਤ ਪੁਲੀਸ ਦੀਆਂ ਦਲੀਲਾਂ ਤੋਂ ਖੁਸ਼ ਨਹੀਂ ਸੀ, ਜਿਸ ਕਾਰਨ ਸਿਰਫ਼ ਦੋ ਦਿਨ ਦਾ ਰਿਮਾਂਡ ਮਨਜ਼ੂਰ ਹੋਇਆ। ਅੱਜ ਅਦਾਲਤ ਹੈਪੀ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਕਰੇਗੀ।  


 ਹਰਪ੍ਰੀਤ ਸਿੰਘ ਹੈਪੀ ਨੂੰ ਫਿਲੌਰ ਪੁਲਿਸ ਨੇ ਉਸ ਦੇ ਸਾਥੀ ਲਵਪ੍ਰੀਤ ਸਮੇਤ 11 ਜੁਲਾਈ ਦੀ ਸ਼ਾਮ ਨੂੰ ਫਿਲੌਰ ਹਾਈਵੇਅ ਤੋਂ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਕੋਲੋਂ 4 ਗ੍ਰਾਮ ਆਈਸ ਡਰੱਗ ਬਰਾਮਦ ਹੋਈ। ਹੇਠਲੀ ਅਦਾਲਤ ਤੋਂ ਦੋਵਾਂ ਦਾ ਰਿਮਾਂਡ ਨਾ ਮਿਲਣ ਕਾਰਨ ਪੁਲੀਸ ਨੇ ਵਧੀਕ ਸੈਸ਼ਨ ਜੱਜ ਕੇ ਕੇ ਜੈਨ ਦੀ ਅਦਾਲਤ ਵਿੱਚ ਫੌਜਦਾਰੀ ਰਿਵੀਜ਼ਨ ਦੀ ਅਰਜ਼ੀ ਦਾਇਰ ਕੀਤੀ ਹੈ। ਜਿਸ 'ਤੇ ਅੱਜ ਸੁਣਵਾਈ ਹੋਵੇਗੀ।


ਇਸ ਦੇ ਨਾਲ ਹੀ ਪੁਲਿਸ ਨੇ ਉਸ ਵਿਅਕਤੀ ਨੂੰ ਵੀ ਜੇਲ੍ਹ ਭੇਜ ਦਿੱਤਾ ਹੈ, ਜਿਸ ਤੋਂ ਹੈਪੀ ਅਤੇ ਲਵਪ੍ਰੀਤ ਨੇ ਨਸ਼ਾ ਖਰੀਦਿਆ ਸੀ। ਇਨ੍ਹਾਂ ਵਿਚ ਆਈਸ ਸਪਲਾਇਰ ਸੰਦੀਪ ਅਰੋੜਾ ਅਤੇ ਸੰਦੀਪ ਦੇ ਫੋਟੋਗ੍ਰਾਫਰ ਦੋਸਤ ਮਨੀਸ਼ ਮਾਰਵਾਹ ਦੇ ਨਾਂ ਸ਼ਾਮਲ ਹਨ। ਪੁਲਿਸ ਨੇ ਇਸ ਕੇਸ ਵਿੱਚ NDPS ਦੀ ਧਾਰਾ 26, 27 ਅਤੇ 29 ਤਹਿਤ ਕੇਸ ਦਰਜ ਕੀਤਾ ਹੈ। 


 ਹੈਪੀ ਅਤੇ ਲਵਪ੍ਰੀਤ ਆਪਣੀ ਕ੍ਰੇਟਾ ਕਾਰ 'ਚ ਸੰਦੀਪ ਵਾਸੀ ਹੈਬੋਵਾਲ, ਲੁਧਿਆਣਾ ਤੋਂ 10,000 ਰੁਪਏ ਦੀ ਆਈਸ ਡਰੱਗ ਲੈ ਕੇ ਆਏ ਸਨ। ਪੁਲਿਸ ਨੇ ਸੰਦੀਪ ਨੂੰ ਵੀ ਫੜ ਲਿਆ ਸੀ। ਇਸ ਸਬੰਧੀ ਐਸਐਸਪੀ ਅੰਕੁਲ ਗੁਪਤਾ ਦਾ ਕਹਿਣਾ ਸੀ ਕਿ ਪੁਲੀਸ ਨੇ ਰੁਟੀਨ ਚੈਕਿੰਗ ਦੌਰਾਨ ਦੋਵਾਂ ਨੂੰ ਫਿਲੌਰ ਹਾਈਵੇਅ ਤੋਂ ਕਾਬੂ ਕੀਤਾ ਹੈ। ਕਾਲੇ ਸ਼ੀਸ਼ੇ ਵਾਲੀ ਚਿੱਟੇ ਰੰਗ ਦੀ ਕ੍ਰੇਟਾ ਕਾਰ ਵਿੱਚ ਬੈਠ ਕੇ ਦੋਵੇਂ ਨਸ਼ੇ ਕਰਨ ਦੀ ਤਿਆਰੀ ਕਰ ਰਹੇ ਸਨ। ਮੁਲਜ਼ਮਾਂ ਕੋਲ ਲਾਈਟਰ ਅਤੇ ਫੋਇਲ ਵੀ ਸੀ।