ਕਪੂਰਥਲਾ ਦੀ ਢਿਲਵਾਂ ਤਹਿਸੀਲ 'ਚ ਪੁਰਾਣੀ ਰੰਜਿਸ਼ ਕਾਰਨ ਇਕ ਨੌਜਵਾਨ ਦਾ ਤਲਵਾਰਾਂ ਨਾਲ ਵੱਢ ਕੇ ਕਤਲ ਕਰਨ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੇ ਪਿਤਾ ਦੇ ਬਿਆਨਾਂ 'ਤੇ ਥਾਣਾ ਢਿਲਵਾਂ ਦੀ ਪੁਲਿਸ ਨੇ 6 ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਅਜੇ ਤੱਕ ਕਿਸੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।


ਇਸ ਮੁੱਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਹੈ। ਬਾਦਲ ਨੇ ਫੇਸਬੁੱਕ 'ਤੇ ਪੋਸਟ ਪਾ ਕੇ ਲਿਖਿਆ ਕਿ - 


'' ਕਪੂਰਥਲਾ ਦੇ ਪਿੰਡ ਢਿੱਲਵਾਂ ਵਿਖੇ ਇੱਕ ਨੌਜਵਾਨ ਕਬੱਡੀ ਖਿਡਾਰੀ ਦੀ ਬੇਰਹਿਮੀ ਨਾਲ ਹੱਤਿਆ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ। ਹੈਰਾਨੀ ਇਸ ਗੱਲ ਦੀ ਹੈ ਕੇ ਕਾਤਲ ਇਸ ਕਦਰ ਬੇਖੌਫ ਸਨ ਕਿ ਉਨ੍ਹਾਂ ਨੇ ਘਰ ਦਾ ਦਰਵਾਜ਼ਾ ਖੜਕਾਇਆ ਅਤੇ ਮਾਪਿਆਂ ਨੂੰ ਕਿਹਾ: "ਆਹ ਮਾਰ ਦਿੱਤਾ ਤੁਹਾਡਾ ਸ਼ੇਰ ਪੁੱਤ "। 


ਇਹ ਇਕੱਲੀ ਅਜਿਹੀ ਘਟਨਾ ਨਹੀਂ ਹੈ ਪੰਜਾਬ ਵਿੱਚ ਪੂਰੀ ਤਰ੍ਹਾਂ ਜੰਗਲ ਰਾਜ ਦਾ ਬੋਲਬਾਲਾ ਹੈ, ਜਿੱਥੇ ਕਤਲ ਅਤੇ ਲੁੱਟਾਂ-ਖੋਹਾਂ ਨਿੱਤ ਦਾ ਮਾਮਲਾ ਬਣ ਰਹੀਆਂ ਹਨ।


ਇਹ ਇੱਕ ਪ੍ਰਮਾਣਿਤ ਤੱਥ ਹੈ ਕਿ ਸਥਿਤੀ ਨੂੰ ਸੰਭਾਲਣ ਵਿੱਚ ਭਗਵੰਤ ਮਾਨ ਪੂਰੀ ਤਰ੍ਹਾਂ ਅਸਮਰੱਥ ਹੈ। ਉਸ ਨੂੰ ਬਿਨਾਂ ਕਿਸੇ ਦੇਰੀ ਦੇ ਆਪਣਾ ਅਹੁੱਦਾ ਛੱਡ ਦੇਣਾ ਚਾਹੀਦਾ ਹੈ। 


ਨੌਜਵਾਨ ਖਿਡਾਰੀ ਦੇ ਪਰਿਵਾਰ ਨਾਲ ਮੇਰੀ ਦਿਲੀ ਹਮਦਰਦੀ ਹੈ, ਵਾਹਿਗੁਰੂ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।''





ਕੀ ਹੈ ਪੂਰਾ ਮਾਮਲਾ 


ਦਰਅਸਲ ਗੁਰਨਾਮ ਸਿੰਘ ਵਾਸੀ ਢਿਲਵਾਂ ਪੱਤੀ ਲੱਧੂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਲੜਕਾ ਹਰਦੀਪ ਸਿੰਘ ਉਰਫ਼ ਦੀਪਾ ਖੇਤੀ ਦਾ ਕੰਮ ਕਰਦਾ ਸੀ। ਮੁੰਡੇ ਦਾ ਹਰਪ੍ਰੀਤ ਸਿੰਘ ਉਰਫ ਹੈਪੀ ਵਾਸੀ ਢਿਲਵਾਂ ਪੱਤੀ ਲੱਧੂ ਨਾਲ ਲੰਬੇ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਇਸ ਲੜਾਈ ਕਾਰਨ ਉਸ ਦੇ ਲੜਕੇ ਖ਼ਿਲਾਫ਼ ਪਹਿਲਾਂ ਵੀ ਥਾਣਾ ਢਿਲਵਾਂ ਵਿੱਚ ਕੇਸ ਦਰਜ ਸੀ।


ਗ੍ਰਿਫਤਾਰੀ ਦੇ ਡਰ ਕਰਕੇ ਉਸ ਦਾ ਮੁੰਡਾ ਕਈ ਦਿਨਾਂ ਤੋਂ ਘਰੋਂ ਬਾਹਰ ਰਹਿ ਰਿਹਾ ਸੀ ਪਰ 19 ਸਤੰਬਰ ਦੀ ਸ਼ਾਮ ਨੂੰ ਉਸ ਦਾ ਲੜਕਾ ਘਰ ਆ ਗਿਆ। ਉਹ ਬੈਂਕ ਦੀ ਪਾਸਬੁੱਕ ਲੈ ਕੇ ਘਰੋਂ ਚਲਾ ਗਿਆ। ਰਾਤ ਕਰੀਬ 10.30 ਵਜੇ ਕਿਸੇ ਨੇ ਉਸ ਦੇ ਘਰ ਦਾ ਗੇਟ ਖੜਕਾਇਆ। ਜਦੋਂ ਉਸ ਨੇ ਆਪਣੀ ਪਤਨੀ ਨਾਲ ਛੱਤ ’ਤੇ ਜਾ ਕੇ ਦੇਖਿਆ ਤਾਂ ਗਲੀ ’ਚ ਹਰਪ੍ਰੀਤ ਸਿੰਘ ਉਰਫ਼ ਹੈਪੀ ਆਪਣੇ ਚਾਰ-ਪੰਜ ਮੁੰਡਿਆਂ ਸਮੇਤ ਘਰ ਦੇ ਬਾਹਰ ਲਲਕਾਰੇ ਮਾਰ ਰਿਹਾ ਸੀ।



ਇਸ ਦੌਰਾਨ ਹਰਪ੍ਰੀਤ ਸਿੰਘ ਹੈਪੀ ਨੇ ਕਿਹਾ ਕਿ ਤੁਹਾਡੇ ਮੁੰਡੇ ਨੂੰ ਵੱਢ ਦਿੱਤਾ ਹੈ। ਆਹ ਲਓ ਆਪਣਾ ਸ਼ੇਰ ਪੁੱਤਰ ਅਤੇ ਲਲਕਾਰੇ ਮਾਰਦਾ ਹੋਇਆ ਉਥੋਂ ਚਲਾ ਗਿਆ। ਜਦੋਂ ਉਸ ਨੇ ਗੇਟ ਖੋਲ੍ਹ ਕੇ ਗਲੀ ਵਿੱਚ ਦੇਖਿਆ ਤਾਂ ਉਥੇ ਉਸ ਦਾ ਲੜਕਾ ਹਰਦੀਪ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹਾਲਤ ਵਿੱਚ ਪਿਆ ਸੀ। ਪੁੱਛਣ 'ਤੇ ਲੜਕੇ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਉਸ ਨੂੰ ਤਲਵਾਰਾਂ ਅਤੇ ਕਿਰਪਾਨਾਂ ਨਾਲ ਵੱਢ ਦਿੱਤਾ ਹੈ।