Jalandhar: ਜਲੰਧਰ ਤੋਂ ਅੰਮ੍ਰਿਤਸਰ ਵੱਲ ਆਸਾਨ ਪਹੁੰਚ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਵੱਲੋਂ ਪ੍ਰਸ਼ਾਸ਼ਨਿਕ ਅਧਿਕਾਰੀਆਂ , ਐਨ.ਐਚ.ਏ.ਆਈ. ਨੂੰ ਪੀ.ਏ.ਪੀ. ਚੌਕ ਤੋਂ ਖੱਬੇ ਪਾਸੇ ਸੜਕ ਤੋਂ ਪੁਲ ਤੱਕ ‘ਅਡੀਸ਼ਨਲ ਅਟੈਚਮੈਂਟ’ ਦੇ ਨਿਰਮਾਣ ਸਬੰਧੀ ਜਲਦ ਤੋਂ ਜਲਦ ਫਿਜ਼ੀਬਿਲਟੀ ਰਿਪੋਰਟ ਤਿਆਰ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਲੋਕਾਂ ਨੂੰ ਰਾਮਾਮੰਡੀ ਚੌਂਕ ਤੋਂ ਘੁੰਮਕੇ ਵਾਪਸ ਨਾ ਆਉਣਾ ਪਵੇ । 


ਇਸ ਸਬੰਧੀ ਸੰਸਦ ਮੈਂਬਰ , ਵਿਧਾਇਕ ਰਮਨ ਅਰੋੜਾ, ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ, ਲੋਕ ਨਿਰਮਾਣ ਵਿਭਾਗ, ਰੇਲਵੇ ਦੇ ਅਧਿਕਾਰੀਆਂ ਸਮੇਤ ਸਾਈਟ ਦਾ ਨਿਰੀਖਣ ਕਰਨ ਲਈ ਮੌਕੇ ਦਾ ਦੌਰਾ ਕੀਤਾ। 


ਸੰਸਦ ਮੈਂਬਰ ਰਿੰਕੂ ਨੇ ਕੌਮੀ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨੂੰ ਕਿਹਾ ਕਿ ਫਿਜ਼ੀਬਿਲਟੀ ਸਰਵੇ ਮੁਕੰਮਲ ਕਰਕੇ ਜਲਦ ਤੋਂ ਜਲਦ ਰਿਪੋਰਟ ਭੇਜੀ ਜਾਵੇ ਤਾਂ ਜੋ ਸਿਫਾਰਸ਼ਾਂ ਮੁਤਾਬਕ ਪ੍ਰਾਜੈਕਟ ਰਿਪੋਰਟ ਤਿਆਰ ਕੀਤੀ ਜਾ ਸਕੇ। 


ਸੰਸਦ ਮੈਂਬਰ ਨੇ ਕਿਹਾ ਕਿ ਇਸ ਜਗ੍ਹਾ ’ਤੇ ਅਡੀਸ਼ਨਲ ਅਟੈਚਮੈਂਟ ਦਾ ਨਿਰਮਾਣ ਸਮੇਂ ਦੀ ਮੁੱਖ ਲੋੜ ਹੈ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਕਾਫੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਤੇ ਹੋਰਨਾਂ ਰਾਹਗੀਰਾਂ ਨੂੰ ਅੰਮ੍ਰਿਤਸਰ ਵੱਲ ਆਸਾਨ ਪਹੁੰਚ ਅਤੇ ਟ੍ਰੈਫਿਕ ਸਮੱਸਿਆ ਤੋਂ ਨਿਜਾਤ ਦਿਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।


 ਉਨ੍ਹਾਂ ਅਧਿਕਾਰੀਆਂ ਨੂੰ ਨਿਜੀ ਦਿਲਚਸਪੀ ਲੈਂਦਿਆਂ ਇਸ ਕਾਰਜ ਨੂੰ ਪਹਿਲ ਦੇ ਆਧਾਰ ’ਤੇ ਨੇਪਰੇ ਚਾੜ੍ਹਨ ਲਈ ਕਿਹਾ ਤਾਂ ਜੋ ਅਡੀਸ਼ਨਲ ਅਟੈਚਮੈਂਟ ਸਬੰਧੀ ਢੁੱਕਵਾਂ ਪ੍ਰਸਤਾਵ ਤਿਆਰ ਕਰਕੇ ਭੇਜਿਆ ਜਾ ਸਕੇ।    


ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕਰਨ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵੱਲ ਆਸਾਨ ਆਵਾਜਾਈ ਦੀ ਸਹੂਲਤ ਮਿਲਣ ਨਾਲ ਰਾਹਗੀਰਾਂ ਨੂੰ ਰਾਮਾ ਮੰਡੀ ਚੌਕ ਤੋਂ ਯੂ-ਟਰਨ ਨਹੀਂ ਲੈਣਾ ਪਵੇਗਾ।


ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਮੌਕੇ ’ਤੇ ਮੌਜੂਦ ਅਧਿਕਾਰੀਆਂ ਨੂੰ ਕਿਹਾ ਕਿ ਸਰਵੇ ਰਿਪੋਰਟ ਹਰ ਹਾਲ ਵਿੱਚ ਸਮੇਂ ਸਿਰ ਸੌਂਪਣ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਵਿਸਥਾਰਤ ਪ੍ਰਾਜੈਕਟ ਰਿਪੋਰਟ ਸਬੰਧੀ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ। ਉਨ੍ਹਾਂ ਕਿਹਾ ਕਿ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਤੇ ਕੌਮੀ ਹਾਈਵੇ ਅਥਾਰਟੀ ਦੇ ਅਧਿਕਾਰੀ ਬਿਹਤਰੀਨ ਤਾਲਮੇਲ ਨਾਲ ਇਸ ਪ੍ਰਾਜੈਕਟ ਸਬੰਧੀ ਤੁਰੰਤ ਕਾਰਵਾਈ ਸ਼ੁਰੂ ਕਰਨ ਤਾਂ ਜੋ ਆਵਾਜਾਈ ਨੂੰ ਸੁਖਾਲਾ ਕੀਤਾ ਜਾ ਸਕੇ । 



ਇਸ ਤੋਂ ਪਹਿਲਾਂ ਲੋਕ ਸਭਾ ਮੈਂਬਰ ਨੇ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਅਤੇ ਹੋਰਨਾਂ ਅਧਿਕਾਰੀਆਂ ਨਾਲ ਵਿਸਥਾਰਤ ਮੀਟਿੰਗ ਕਰਦਿਆਂ ਜਲੰਧਰ ਤੋਂ ਅੰਮ੍ਰਿਤਸਰ ਵੱਲ ਟ੍ਰੈਫਿਕ ਵਿਵਸਥਾ ਸੁਚਾਰੂ ਬਣਾਉਣ ਲਈ ਵਿਚਾਰ-ਚਰਚਾ ਵੀ ਕੀਤੀ।