Jalandhar news: ਜਲੰਧਰ ਦੇ ਸੀਜੇਐਮ ਅਮਿਤ ਕੁਮਾਰ ਗਰਗ ਦੀ ਅਦਾਲਤ ਨੇ ਪੱਛਮੀ ਹਲਕੇ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਦੇ ਹਰਵਿੰਦਰ ਕੌਰ ਮਿੰਟੀ ਮਾਮਲੇ ਵਿੱਚ ਵਾਰ-ਵਾਰ ਸੰਮਨ ਜਾਰੀ ਹੋਣ ਦੇ ਬਾਵਜੂਦ ਪੇਸ਼ ਨਾ ਹੋਣ 'ਤੇ ਸਖ਼ਤ ਕਾਰਵਾਈ ਕੀਤੀ ਹੈ।


ਅਦਾਲਤ ਨੇ ਵਿਧਾਇਕ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰਦਿਆਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ 24 ਅਗਸਤ ਨੂੰ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਇੰਨਾ ਹੀ ਨਹੀਂ ਅਦਾਲਤ ਨੇ ਸ਼ੀਤਲ ਅੰਗੁਰਾਲ ਦੇ ਸਾਰੇ ਜ਼ਮਾਨਤੀ ਬੋਂਡ ਰੱਦ ਕਰ ਕੇ ਜ਼ਬਤ ਕਰਨ ਦੇ ਵੀ ਹੁਕਮ ਦਿੱਤੇ ਹਨ।


ਹਰਵਿੰਦਰ ਕੌਰ ਮਿੰਟੀ ਨੇ ਸੋਸ਼ਲ ਮੀਡੀਆ 'ਤੇ ਅਸ਼ਲੀਲ ਟਿੱਪਣੀ ਕਰਨ ਦੇ ਦੋਸ਼ 'ਚ ਸ਼ੀਤਲ ਅੰਗੁਰਾਲ ਅਤੇ ਉਨ੍ਹਾਂ ਦੇ ਸਾਥੀਆਂ ਖਿਲਾਫ ਥਾਣਾ ਡਿਵੀਜ਼ਨ ਨੰਬਰ 6 'ਚ ਕੇਸ ਦਰਜ ਕਰਵਾਇਆ ਸੀ। ਪੁਲਿਸ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਅਦਾਲਤ ਵਿੱਚ ਚਲਾਨ ਪੇਸ਼ ਕੀਤਾ। ਸ਼ਿਕਾਇਤ ਵਿੱਚ ਮਿੰਟੀ ਕੌਰ ਨੇ ਕਿਹਾ ਸੀ ਕਿ ਉਸ ਬਾਰੇ ਇਤਰਾਜ਼ਯੋਗ ਸ਼ਬਦ ਕਹਿਣ ਤੋਂ ਇਲਾਵਾ ਉਸ ਨੂੰ ਬਲੈਕਮੇਲਰ ਵੀ ਕਿਹਾ ਗਿਆ ਸੀ।








ਇਹ ਵੀ ਪੜ੍ਹੋ: Punjab News: ਮਾਨਸਾ ਅਤੇ ਬਰਨਾਲਾ ਦੇ ਬਿਰਧ ਘਰਾਂ ਦੀ ਉਸਾਰੀ ਲਈ 10 ਕਰੋੜ ਰੁਪਏ ਜਾਰੀ


6 ਜੂਨ ਨੂੰ ਚਾਰਜ ਫ੍ਰੇਮ ਹੋਣ ਤੋਂ ਬਾਅਦ ਵੀ ਨਹੀਂ ਹੋਏ ਪੇਸ਼


ਸੀਜੇਐਮ ਅਮਿਤ ਕੁਮਾਰ ਗਰਗ ਦੇ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸ਼ੀਤਲ ਅੰਗੁਰਾਲ ਵੱਲੋਂ ਅਦਾਲਤ ਦੇ ਹੁਕਮਾਂ ਦੀ ਪਾਲਣਾ ਨਾ ਕਰਨਾ ਸਾਫ਼ ਦਰਸਾਉਂਦਾ ਹੈ ਕਿ ਉਹ ਨਿਆਂ ਪ੍ਰਣਾਲੀ ਨੂੰ ਚੁਣੌਤੀ ਦੇ ਰਹੇ ਹਨ। ਅਦਾਲਤ ਵਿਚ ਵਾਰ-ਵਾਰ ਪੇਸ਼ ਹੋਣ ਤੋਂ ਛੋਟ ਲਈ ਅਰਜ਼ੀ ਦੇਣਾ ਸਪੱਸ਼ਟ ਤੌਰ 'ਤੇ ਰਿਆਇਤ ਦੀ ਦੁਰਵਰਤੋਂ ਹੈ। ਜੇਕਰ ਸ਼ੀਤਲ ਅੰਗੁਰਾਲ ਨੂੰ ਅਦਾਲਤ ਵੱਲੋਂ ਹਰ ਤਰੀਕ ਤੋਂ ਹਰ ਵਾਰ ਰਾਹਤ ਦਿੱਤੀ ਜਾਵੇਗੀ ਤਾਂ ਇਸ ਨਾਲ ਸਮਾਜ ਕੋਲ ਗਲਤ ਸੁਨੇਹਾ ਜਾਵੇਗਾ।


ਜ਼ਿਕਰਯੋਗ ਹੈ ਕਿ ਹਾਲ ਹੀ 'ਚ 6 ਜੂਨ ਨੂੰ ਹਰਵਿੰਦਰ ਕੌਰ ਮਿੰਟੀ ਮਾਮਲੇ 'ਚ ਵਿਧਾਇਕ ਸ਼ੀਤਲ ਅੰਗੁਰਾਲ 'ਤੇ ਦੋਸ਼ ਆਇਦ ਕੀਤੇ ਗਏ ਸਨ। ਇਸ ਤੋਂ ਬਾਅਦ ਉਹ ਵਾਰ-ਵਾਰ ਨਿੱਜੀ ਪੇਸ਼ੀ ਤੋਂ ਰਾਹਤ ਦੀ ਮੰਗ ਕਰ ਰਹੇ ਸਨ ਅਤੇ ਅਦਾਲਤ ਵਿੱਚ ਪੇਸ਼ ਨਹੀਂ ਹੋ ਰਹੇ ਸੀ। ਅਦਾਲਤ ਨੇ 10 ਅਗਸਤ ਨੂੰ ਦਿੱਤੇ ਆਪਣੇ ਹੁਕਮ ਵਿੱਚ ਕਿਹਾ ਹੈ ਕਿ ਸ਼ੀਤਲ ਅੰਗੂਰਾਲ ਦੀ ਜਿਹੜੀ ਅਰਜ਼ੀ ਰੱਦ ਕੀਤੀ ਗਈ ਹੈ, ਉਸ ਵਿੱਚ ਕੋਈ ਸਪੋਰਟਿੰਗ ਡਾਕਿਊਮੈਂਟ ਨਹੀਂ ਸੀ।


ਇਹ ਵੀ ਪੜ੍ਹੋ: Punjab News: ਪੰਜਾਬ ਵਿੱਚ ਸਰਕਾਰ ਖੋਲ੍ਹੇਗੀ 76 ਨਵੇਂ ਮੁਹੱਲਾ ਕਲੀਨਿਕ, 14 ਅਗਸਤ ਨੂੰ CM ਭਗਵੰਤ ਮਾਨ ਕਰਨਗੇ ਉਦਘਾਟਨ