Jalandhar News: ਜਲੰਧਰ ਸ਼ਹਿਰ ਦੇ ਗੁਰੂ ਰਵਿਦਾਸ ਨਗਰ ’ਚ ਪੁਰਾਣੀ ਰੰਜਿਸ਼ ਕਾਰਨ ਫਾਇਰੰਗ ਹੋਈ ਹੈ। ਇਸ ਦੇ ਚੱਲਦਿਆਂ ਪਿਓ-ਪੁੱਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਹਾਸਲ ਜਾਣਕਾਰੀ ਮੁਤਾਬਕ ਸਤਨਾਮ ਲਾਲ ਆਪਣੇ ਘਰ ’ਚ ਖਾਣਾ ਖਾ ਰਹੇ ਸੀ ਕਿ ਦਰਵਾਜ਼ੇ ’ਤੇ ਕੁਝ ਲੋਕ ਆਏ, ਜਿਨ੍ਹਾਂ ਨੇ ਦਰਵਾਜ਼ਾ ਖੋਲ੍ਹਦੇ ਹੀ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਤੇ ਪਿਸਤੌਲ ਕੱਢ ਲਿਆ।
ਮੌਕੇ ਤੇ ਪੁੱਜੇ ਥਾਣਾ 1 ਦੇ ਮੁਖੀ ਜਤਿੰਦਰ ਕੁਮਾਰ ਨੇ ਦੱਸਿਆ ਕੀ ਪੁਰਾਣੀ ਰੰਜਿਸ਼ ਕਾਰਨ ਇਹ ਘਟਨਾ ਵਾਪਰੀ ਹੈ। ਉਨ੍ਹਾਂ ਦੱਸਿਆ ਕਿ ਸਤਨਾਮ ਨੇ ਪਿਸਤੌਲ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਗੋਲ਼ੀਆਂ ਚਲਾ ਦਿੱਤੀਆਂ, ਜਿਸ ’ਚੋਂ ਇੱਕ ਗੋਲ਼ੀ ਸਤਨਾਮ ਦੇ ਪੇਟ ਨੂੰ ਛੂਹ ਕੇ ਨਿਕਲ ਗਈ, ਜਦਕਿ ਦੂਜੀ ਗੋਲ਼ੀ ਹੱਥ ’ਚ ਲੱਗੀ।
ਉਨ੍ਹਾਂ ਦੱਸਿਆ ਕਿ ਇੱਕ ਗੋਲ਼ੀ ਸਤਨਾਮ ਦੇ ਪੁੱਤ ਨਿਤਿਨ ਦੇ ਮੱਥੇ ਨੂੰ ਛੂਹ ਕੇ ਨਿਕਲ ਗਈ। ਗੋਲ਼ੀਆਂ ਚਲਾਉਣ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਏ। ਜ਼ਖ਼ਮੀ ਸਤਨਾਮ ਤੇ ਉਸ ਦੇ ਪੁੱਤ ਨਿਤਿਨ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਥਾਣਾ 1 ਦੇ ਇੰਚਾਰਜ ਜਤਿੰਦਰ ਕੁਮਾਰ ਆਪਣੀ ਟੀਮ ਸਮੇਤ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।