Jalandhar News: ਹੁਣ ਪਿਆਕੜਾਂ ਦੀ ਸ਼ਾਮਤ ਆ ਗਈ ਹੈ। ਜਲੰਧਰ ਪੁਲਿਸ ਨੇ ਸ਼ਾਮ ਨੂੰ ਘਰੋਂ ਬਾਹਰ ਜਾਮ ਖੜਕਾਉਣ ਵਾਲਿਆਂ ਖਿਲਾਫ ਸ਼ਿਕੰਜਾ ਕੱਸਿਆ ਹੈ। ਜਨਤਕ ਥਾਵਾਂ 'ਤੇ ਸ਼ਰਾਬ ਪਰੋਸਣ ਨੂੰ ਲੈ ਕੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਵੱਲੋਂ ਦਿੱਤੇ ਗਏ ਹੁਕਮਾਂ 'ਤੇ ਪੁਲਿਸ ਸਖਤ ਹੋ ਗਈ ਹੈ। 


ਹਾਸਲ ਜਾਣਕਾਰੀ ਮੁਤਾਬਕ ਵੀਰਵਾਰ ਦੇਰ ਰਾਤ ਕਮਿਸ਼ਨਰੇਟ ਪੁਲਿਸ ਨੇ ਸ਼ਹਿਰ ਦੇ ਦੋ ਵੱਖ-ਵੱਖ ਹਿੱਸਿਆਂ 'ਚ ਛਾਪੇਮਾਰੀ ਕਰਕੇ ਜਨਤਕ ਥਾਂ 'ਤੇ ਸ਼ਰਾਬ ਪੀ ਰਹੇ 20 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਇਨ੍ਹਾਂ 'ਚੋਂ ਜ਼ਿਆਦਾਤਰ ਨੂੰ ਦੇਰ ਰਾਤ ਥਾਣਾ ਪੱਧਰ 'ਤੇ ਜ਼ਮਾਨਤ ਦੇ ਦਿੱਤੀ ਗਈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚੋਂ ਕੁਝ ਬਾਹਰਲੇ ਜ਼ਿਲ੍ਹਿਆਂ ਦੇ ਵੀ ਸਨ।


ਜਲੰਧਰ ਕਮਿਸ਼ਨਰ ਪੁਲਿਸ ਦੇ ਡੀਸੀਪੀ ਅੰਕੁਰ ਗੁਪਤਾ ਆਪਣੀ ਟੀਮ ਨਾਲ ਨਾਈਟ ਡੋਮੀਨੇਸ਼ਨ 'ਤੇ ਸਨ। ਇਸ ਦੌਰਾਨ ਵਰਕਸ਼ਾਪ ਚੌਕ ਸਥਿਤ ਮਾਮੇ ਦੇ ਢਾਬੇ 'ਤੇ ਛਾਪੇਮਾਰੀ ਕੀਤੀ ਗਈ। ਇਸ ਢਾਬੇ ਤੋਂ ਕਰੀਬ 20 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਹ ਲੋਕ ਢਾਬੇ 'ਤੇ ਬੈਠ ਕੇ ਖਾਣਾ ਖਾ ਰਹੇ ਸੀ ਤੇ ਸ਼ਰਾਬ ਪੀ ਰਹੇ ਸੀ। 


ਇਸ ਤੋਂ ਬਾਅਦ ਏਸੀਪੀ ਬਰਜਿੰਦਰ ਸਿੰਘ ਤੇ ਥਾਣਾ ਡਵੀਜ਼ਨ ਨੰਬਰ 2 ਦੇ ਐਸਐਚਓ ਨੂੰ ਤੁਰੰਤ ਟੀਮ ਸਮੇਤ ਮੌਕੇ ’ਤੇ ਬੁਲਾਇਆ ਗਿਆ। ਸਾਰਿਆਂ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ ਗਏ। ਦੇਰ ਰਾਤ ਸਾਰਿਆਂ ਨੂੰ ਗ੍ਰਿਫ਼ਤਾਰ ਕਰਕੇ ਥਾਣੇ ਲਿਆਂਦਾ ਗਿਆ। ਪਿਆਕੜਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਦੇਰ ਰਾਤ ਥਾਣਾ-2 ਵਿੱਚ ਭਾਰੀ ਹੰਗਾਮਾ ਵੀ ਹੋਇਆ। ਆਪਣੇ ਨਜ਼ਦੀਕੀਆਂ ਦੀ ਰਿਹਾਈ ਲਈ ਸਿਫ਼ਾਰਸ਼ਾਂ ਕਰਨ ਲਈ ਥਾਣੇ ਵਿੱਚ ਲੋਕਾਂ ਦਾ ਲਗਾਤਾਰ ਆਉਣਾ-ਜਾਣਾ ਰਿਹਾ ਪਰ ਪੁਲਿਸ ਨੇ ਕਿਸੇ ਦੀ ਇੱਕ ਨਾ ਸੁਣੀ ਤੇ ਮਾਮਲਾ ਦਰਜ ਕਰ ਲਿਆ ਗਿਆ।


ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ 3 ਦੇ ਐਸਐਚਓ ਰਾਜੇਸ਼ ਕੁਮਾਰ ਸ਼ਰਮਾ ਆਪਣੀ ਟੀਮ ਨਾਲ ਇਲਾਕੇ ਵਿੱਚ ਗਸ਼ਤ ਕਰ ਰਹੇ ਸਨ। ਇਸ ਦੌਰਾਨ ਜਦੋਂ ਉਨ੍ਹਾਂ ਦੀ ਟੀਮ ਭਗਤ ਸਿੰਘ ਚੌਕ ਨੇੜੇ ਪੁੱਜੀ ਤਾਂ ਤਿੰਨ ਨੌਜਵਾਨ ਜਨਤਕ ਥਾਂ ’ਤੇ ਸ਼ਰਾਬ ਪੀ ਰਹੇ ਸਨ। ਪੁਲਿਸ ਨੇ ਤਿੰਨਾਂ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰਕੇ ਥਾਣੇ ਲਿਆਂਦਾ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਤਿੰਨਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਪਰ ਥਾਣਾ ਪੱਧਰ 'ਤੇ ਸਾਰਿਆਂ ਦੀ ਜ਼ਮਾਨਤ ਹੋ ਗਈ।


ਦੱਸ ਦਈਏ ਕਿ ਕੁਝ ਦਿਨ ਪਹਿਲਾਂ ਨਵੇਂ ਪੁਲਿਸ ਕਮਿਸ਼ਨਰ ਵਜੋਂ ਜੁਆਇਨ ਹੋਏ ਆਈਪੀਐਸ ਸਵਪਨ ਸ਼ਰਮਾ ਨੇ ਟ੍ਰੈਫਿਕ ਤੇ ਹੁੱਲੜਬਾਜ਼ੀ ਰੋਕਣ ਸਬੰਧੀ ਸਖ਼ਤ ਹੁਕਮ ਦਿੱਤੇ ਹਨ। ਸੀਪੀ ਸ਼ਰਮਾ ਨੇ ਕਿਹਾ ਹੈ ਕਿ ਇਹ ਫੈਸਲਾ ਹੁੱਲੜਬਾਜ਼ਾਂ ਨੂੰ ਨੱਥ ਪਾਉਣ ਲਈ ਲਿਆ ਗਿਆ ਹੈ। ਇਹ ਫੈਸਲਾ ਸ਼ਹਿਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਲਿਆ ਗਿਆ ਹੈ।