Police Ecnounter in Jalandhar: ਜਲੰਧਰ 'ਚ ਪੰਜਾਬ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁੱਠਭੇੜ ਹੋ ਗਈ। ਜਿਸ ਦੌਰਾਨ ਪੁਲਿਸ ਨੇ ਕਾਰਵਾਈ ਕਰਦੇ ਹੋਏ ਚਾਰ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫੜੇ ਗਏ ਮੁਲਜ਼ਮਾਂ ਦੀ ਪਛਾਣ ਚਿੰਟੂ, ਨੀਰਜ, ਸਾਜਨ ਜੋਸ਼ੀ ਅਤੇ ਕਿਸ਼ਨ ਉਰਫ਼ ਗਾਂਜਾ ਵਾਸੀ ਜਲੰਧਰ ਵਜੋਂ ਹੋਈ ਹੈ। ਚਾਰੋਂ ਮੁਲਜ਼ਮ ਅਪਰਾਧਿਕ ਪਿਛੋਕੜ ਵਾਲੇ ਹਨ।


ਗੈਂਗਸਟਰ ਚਿੰਟੂ ਖ਼ਿਲਾਫ਼ ਪਹਿਲਾਂ ਵੀ ਜਲੰਧਰ ਸ਼ਹਿਰ ਅਤੇ ਦਿਹਾਤੀ ਖੇਤਰਾਂ ਵਿੱਚ ਕਈ ਕੇਸ ਦਰਜ ਹਨ। ਇਹ ਘਟਨਾ ਸ਼ਹਿਰ ਦੇ ਪੌਸ਼ ਇਲਾਕੇ ਆਬਾਦਪੁਰ 'ਚ ਦੇਰ ਰਾਤ ਵਾਪਰੀ ਸੀ ਦੇਰ ਰਾਤ ਸਿਟੀ ਪੁਲਿਸ ਦੇ ਸੀਆਈਏ ਸਟਾਫ ਦੀ ਟੀਮ ਨੇ ਗੈਂਗਸਟਰ ਚਿੰਟੂ ਅਤੇ ਉਸ ਦੇ ਸਾਥੀਆਂ ਨਾਲ ਐਨਕਾਊਂਟਰ ਕੀਤਾ। 


ਇਸ ਮੁੱਠਭੇੜ ਦੌਰਾਨ ਇੱਕ ਗੋਲੀ ਗੈਂਗਸਟਰ ਦੀ ਲੱਤ ਨੂੰ ਛੂਹ ਕੇ ਬਾਹਰ ਨਿਕਲ ਗਈ। ਇਸ ਪੂਰੀ ਘਟਨਾ ਦੌਰਾਨ ਦੋਵਾਂ ਪਾਸਿਆਂ ਤੋਂ ਕਰੀਬ 12 ਰਾਉਂਡ ਫਾਇਰਿੰਗ ਹੋਈ। ਸਾਰੀ ਘਟਨਾ ਦਾ ਸੀਸੀਟੀਵੀ ਵੀ ਸਾਹਮਣੇ ਆਇਆ ਹੈ। ਜਿਸ ਵਿੱਚ ਗੈਂਗਸਟਰ ਪੁਲਿਸ ਪਾਰਟੀ ਨੂੰ ਦੇਖ ਕੇ ਗੋਲੀਆਂ ਚਲਾਉਂਦੇ ਨਜ਼ਰ ਆ ਰਹੇ ਹਨ। 


ਫਿਲਹਾਲ ਪੁਲਿਸ ਨੇ ਮਾਮਲੇ 'ਚ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਕੋਲੋਂ ਅਤਿ-ਆਧੁਨਿਕ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਚਾਰਾਂ ਖ਼ਿਲਾਫ਼ ਥਾਣਾ ਸਿਟੀ ਡਵੀਜ਼ਨ ਨੰਬਰ 6 (ਮਾਡਲ ਟਾਊਨ ਥਾਣਾ) ਵਿੱਚ ਵੱਖਰਾ ਕੇਸ ਦਰਜ ਕੀਤਾ ਗਿਆ ਹੈ।


ਮੁਕਾਬਲੇ ਦੌਰਾਨ ਪੁਲਿਸ ਨੇ ਚਿੰਟੂ ਅਤੇ ਜੋਸ਼ੀ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ। ਇਸ ਦੌਰਾਨ ਜੋਸ਼ੀ ਅਤੇ ਕਿਸ਼ਨ ਉਰਫ਼ ਗਾਂਜਾ ਛਪਾਕੀ ਤੋਂ ਛਾਲ ਮਾਰ ਕੇ ਨੇੜੇ ਲੋਕਾਂ ਦੇ ਘਰਾਂ ਵਿੱਚ ਜਾ ਲੁਕ ਗਏ। ਇਸ ਬਾਰੇ ਇਲਾਕਾ ਵਾਸੀਆਂ ਨੂੰ ਪਤਾ ਲੱਗਾ ਤਾਂ ਫਿਰ ਹੰਗਾਮਾ ਹੋ ਗਿਆ। ਜਿਸ ਦੌਰਾਨ ਸੀ.ਆਈ.ਏ ਸਟਾਫ਼ ਨੇ ਇਲਾਕੇ ਨੂੰ ਘੇਰਾ ਪਾ ਕੇ ਕਿਸ਼ਨ ਉਰਫ਼ ਗਾਂਜਾ ਅਤੇ ਜੋਸ਼ੀ ਨੂੰ ਇੱਕ ਘਰ ਤੋਂ ਕਾਬੂ ਕਰ ਲਿਆ।


ਪੁਲਿਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਚਿੰਟੂ ਖ਼ਿਲਾਫ਼ ਕਤਲ ਅਤੇ ਇਰਾਦਾ ਕਤਲ ਦੇ ਕਈ ਕੇਸ ਦਰਜ ਹਨ। ਮੁਲਜ਼ਮ ਚਿੰਟੂ ਪਿਛਲੇ ਇੱਕ ਮਹੀਨੇ ਵਿੱਚ ਕਈ ਵਾਰਦਾਤਾਂ ਕਰ ਚੁੱਕਾ ਹੈ। ਥਾਣਾ 3 ਅਧੀਨ ਪੈਂਦੇ ਢਾਹਾਂ ਮੁਹੱਲੇ 'ਚ ਤੋਤਾ ਨਾਂ ਦੇ ਨੌਜਵਾਨ ਨੂੰ ਅਗਵਾ ਕਰਨ ਦੇ ਦੋਸ਼ੀਆਂ ਖਿਲਾਫ ਬੁੱਧਵਾਰ ਦੇਰ ਰਾਤ ਰਾਜਨਗਰ ਦੇ ਰਹਿਣ ਵਾਲੇ ਰੌਕੀ ਨਾਂ ਦੇ ਨੌਜਵਾਨ 'ਤੇ ਗਾਂਧੀ ਕੈਂਪ 'ਚ ਹਵਾ 'ਚ ਗੋਲੀਆਂ ਚਲਾਈਆਂ ਗਈਆਂ।