Punjab News: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਵੱਲੋਂ 'ਭਾਜਪਾ ਹਰਾਉ, ਕਾਰਪੋਰੇਟ ਭਜਾਓ, ਦੇਸ਼ ਬਚਾਓ' ਮੁਹਿੰਮ ਤਹਿਤ 21 ਫਰਵਰੀ ਦੀ ਜਲੰਧਰ ਰੈਲੀ ਦੀ ਤਿਆਰੀ ਲਈ ਸਾਥੀ ਸਤਨਾਮ ਸਿੰਘ ਗੁਲਾਟੀ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਮਲਕੀਤ ਚੰਦ ਮੇਹਲੀ ਭਵਨ ਵਿਖੇ ਹੋਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਲਦੀਪ ਸਿੰਘ ਦੌੜਕਾ ਨੇ ਦੱਸਿਆ ਕਿ ਲੰਘੀ 5 ਜਨਵਰੀ ਨੂੰ ਸਦੀਵੀ ਵਿਛੋੜਾ ਦੇ ਗਏ ਸੂਬਾ ਸਕੱਤਰੇਤ ਦੇ ਮੈਂਬਰ ਸਾਥੀ ਭੀਮ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਨ ਨਾਲ ਸ਼ੁਰੂ ਹੋਈ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਪਾਰਟੀ ਵੱਲੋਂ ਪਿਛਲੇ ਸਾਲ ਤੋਂ ਆਰੰਭੀ 'ਭਾਜਪਾ ਹਰਾਉ, ਕਾਰਪੋਰੇਟ ਭਜਾਓ, ਦੇਸ਼ ਬਚਾਓ' ਸਿਆਸੀ ਮੁਹਿੰਮ ਨੂੰ ਨਵੇਂ ਸਾਲ 'ਚ ਹੋਰ ਤੀਬਰਤਾ ਨਾਲ ਵੱਖੋ-ਵੱਖ ਢੰਗ ਤਰੀਕਿਆਂ ਸਹਿਤ ਜਾਰੀ ਰੱਖਣ ਲਈ ਵਰਤਮਾਨ ਸਿਆਸੀ ਢਾਂਚੇ ਦਾ ਲੋਟੂ ਖਾਸਾ, ਪੂੰਜੀਵਾਦੀ ਜਮਹੂਰੀਅਤ ਅਤੇ ਫਿਰਕੂ-ਫਾਸ਼ੀਵਾਦੀ ਰਾਜ ਦਰਮਿਆਨ ਬੁਨਿਆਦੀ ਫਰਕ ਨੂੰ ਸਮਝਦਿਆਂ ਸੰਘ ਪਰਿਵਾਰ ਦੇ ਭਾਰਤ ਨੂੰ ਮਨੂੰਵਾਦੀ ਸ਼ਾਸ਼ਨ ਵਿਵਸਥਾ ਵਾਲੇ ਧਰਮ ਆਧਾਰਿਤ ਕੱਟੜ ਰਾਸ਼ਟਰ 'ਚ ਤਬਦੀਲ ਕਰਨ ਦੇ ਫਿਰਕੂ-ਫਾਸ਼ੀ ਏਜੰਡੇ ਨੂੰ ਆਮ ਲੋਕਾਂ ਵਿੱਚ ਨੰਗਾ ਕਰਨ ਲਈ ਤਿੰਨ ਖੇਤਰੀ ਰੈਲੀਆਂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਮੋਦੀ-ਸ਼ਾਹ ਸਰਕਾਰ ਵਲੋਂ ਤੀਬਰਤਾ ਨਾਲ ਲਾਗੂ ਕੀਤੀਆਂ ਜਾ ਰਹੀਆਂ ਨਵ ਉਦਾਰਵਾਦੀ ਨੀਤੀਆਂ ਦੇ ਵਸੋਂ ਦੇ ਵਿਸ਼ਾਲ ਭਾਗਾਂ 'ਤੇ ਪੈ ਰਹੇ ਦੁਰ ਪ੍ਰਭਾਵ ਕਾਰਨ ਵਧ ਰਹੀ ਗਰੀਬੀ, ਬੇਰੁਜ਼ਗਾਰੀ, ਮਹਿੰਗਾਈ ਆਦਿ ਨਾਲ ਜੂਝ ਰਹੀ ਜਨਤਾ ਨੂੰ ਸਰਕਾਰ ਦਾ ਕਾਰਪੋਰੇਟ ਪੱਖੀ ਫਿਰਕੂ ਫਾਸ਼ੀਵਾਦੀ ਚਿਹਰਾ ਨੰਗਾ ਕਰਨ ਲਈ 21ਫਰਵਰੀ ਨੂੰ ਜਲੰਧਰ, 25 ਫਰਵਰੀ ਨੂੰ ਸੰਗਰੂਰ ਅਤੇ 3 ਮਾਰਚ ਨੂੰ ਬਠਿੰਡਾ ਵਿਖੇ ਵਿਸ਼ਾਲ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਜਲੰਧਰ ਰੈਲੀ ਵਿੱਚ ਜ਼ਿਲ੍ਹੇ ਵਿੱਚੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਸੰਸਾਰ ਕਿਰਤੀ ਲਹਿਰ ਦੇ ਮਹਾਨ ਰਹਿਬਰ, ਰੂਸੀ ਸਮਾਜਵਾਦੀ ਕ੍ਰਾਂਤੀ ਦੀ ਕਾਮਯਾਬੀ ਦੇ ਸੂਤਰਧਾਰ ਸਾਥੀ ਵੀ.ਆਈ. ਲੈਨਿਨ ਦੀ ਬਰਸੀ ਪੂਰਾ ਮਹੀਨਾ ਪਿੰਡਾਂ/ ਮੁਹੱਲਿਆਂ ਵਿਚ ਜਨਰਲ ਬਾਡੀ ਮੀਟਿੰਗਾਂ ਕਰਕੇ ਮਨਾਉਣ, 30 ਜਨਵਰੀ ਨੂੰ ਮਹਾਤਮਾ ਗਾਂਧੀ ਦਾ ਸ਼ਹਾਦਤ ਦਿਵਸ, ਫਿਰਕਾਪ੍ਰਸਤੀ ਵਿਰੋਧੀ ਦਿਹਾੜੇ ਵਜੋਂ ਅਤੇ ਜਮਹੂਰੀਅਤ ਦੀ ਰਾਖੀ ਦੀ ਜਦੋ ਜਹਿਦ ਵਜੋਂ ਮਨਾਉਣ, ਵਿਚਾਰਧਾਰਕ ਸੰਘਰਸ਼ ਦੇ ਵਡੇਰੇ ਮਹੱਤਵ ਨੂੰ ਸਨਮੁੱਖ ਰੱਖਦਿਆਂ ਬਹੁਤ ਹੀ ਸਰਲ ਭਾਸ਼ਾ 'ਚ ਲਿਖੀਆਂ, ਫਾਸ਼ੀਵਾਦ ਦੇ ਖਤਰਿਆਂ ਤੋਂ ਜਾਣੂੰ ਕਰਾਉਂਦੀਆਂ ਹੀਰਾ ਸਿੰਘ 'ਦਰਦ' ਅਤੇ ਪ੍ਰੋ ਸੈਮੁਅਲ ਇਸਮਾਈਲ ਦੀਆਂ ਪੁਸਤਕਾਂ ਪਾਰਟੀ ਕਾਡਰ ਅਤੇ ਆਮ ਲੋਕਾਂ 'ਚ ਲੈ ਕੇ ਜਾਣ ਦਾ ਫੈਸਲਾ ਕੀਤਾ ਗਿਆ।
ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਹਰਪਾਲ ਸਿੰਘ ਜਗਤਪੁਰ, ਹੁਸਨ ਸਿੰਘ ਮਾਂਗਟ, ਸੁਰਿੰਦਰ ਭੱਟੀ, ਹਰੀ ਬਿਲਾਸ, ਸਤਨਾਮ ਸਿੰਘ ਸੁੱਜੋਂ, ਤਰਸੇਮ ਸਿੰਘ ਜੇ ਈ, ਕ੍ਰਿਸ਼ਨ ਸਿੰਘ ਬਾਲੀ, ਹਰਮੇਸ਼ ਬੀਕਾ, ਜਸਵੀਰ ਸਿੰਘ ਭੱਟੀ, ਗੁਰਦਿਆਲ ਸਿੰਘ, ਸੋਹਣ ਸਿੰਘ ਭੱਟੀ, ਜਸਵਿੰਦਰ ਸਿੰਘ ਕਾਲਾ ਆਦਿ ਸ਼ਾਮਲ ਸਨ।