ਜਲੰਧਰ: 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਵੱਲੋਂ ਪ੍ਰਭੂ ਯਿਸ਼ੂ ਮਸੀਹ ਖਿਲਾਫ਼ ਕੀਤੀ ਟਿੱਪਣੀ ਮਗਰੋਂ ਈਸਾਈ ਭਾਈਚਾਰੇ 'ਚ ਰੋਹ ਹੈ।ਇਸ ਦੇ ਚੱਲਦੇ ਅੱਜ ਈਸਾਈ ਸਮਾਜ ਵੱਲੋਂ ਜਲੰਧਰ ਦੇ ਪੀਏਪੀ ਚੌਕ 'ਚ ਧਰਨਾ ਦਿੱਤਾ ਗਿਆ। ਵੱਖ-ਵੱਖ ਜ਼ਿਲ੍ਹਿਆਂ ਤੋਂ ਈਸਾਈ ਧਰਮ ਦੇ ਲੋਕ ਜਲੰਧਰ ਦੇ ਪੀਏਪੀ ਚੌਕ ਵਿੱਚ ਪੁੱਜੇ ਅਤੇ ਚੌਕ ਦੇ ਇੱਕ ਪਾਸੇ 'ਤੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸ ਨਾਲ ਨੈਸ਼ਨਲ ਹਾਈਵੇਅ 'ਤੇ ਕਈ ਕਿਲੋਮੀਟਰ ਤੱਕ ਲੰਬਾ ਜਾਮ ਲਗ ਗਿਆ।


ਇਸ ਤੋਂ ਪਹਿਲਾਂ ਈਸਾਈ ਭਾਈਚਾਰੇ ਵੱਲੋਂ ਨੈਸ਼ਨਲ ਹਾਈਵੇਅ ਜਾਮ ਕਰਨ ਦੀ ਕਾਲ ਸੀ ਪਰ ਬੀਤੀ ਰਾਤ ਪੁਲਿਸ ਅਧਿਕਾਰੀਆਂ ਨਾਲ ਹੋਈ ਮੀਟਿੰਗ ਮਗਰੋਂ ਉਨ੍ਹਾਂ ਆਪਣਾ ਫੈਸਲਾ ਬਦਲ ਲਿਆ ਅਤੇ ਚੌਕ ਦੇ ਇੱਕ ਪਾਸੇ ਬੈਠ ਕੇ ਧਰਨਾ ਸ਼ੁਰੂ ਕਰ ਦਿੱਤਾ।ਪੁਲਿਸ ਨੇ ਈਸਾਈ ਧਰਮ ਦੇ ਆਗੂਆਂ ਨੂੰ ਭਰੋਸਾ ਦਿੱਤਾ ਕਿ ਉਹ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਉਨ੍ਹਾਂ ਦੀ ਗੱਲ ਜ਼ਰੂਰ ਕਰਵਾਉਣਗੇ। ਜਿਸ 'ਤੇ ਉਨ੍ਹਾਂ ਨੇ ਹਾਮੀ ਭਰ ਦਿੱਤੀ।ਪਰ ਕੁੱਝ ਸਮੇਂ ਬਾਅਦ ਕੁਝ ਲੋਕ ਭੜਕ ਗਏ ਅਤੇ ਨੈਸ਼ਨਲ ਹਾਈਵੇਅ ਜਾਮ ਕਰਨ ਲਈ ਭੱਜੇ ਪਰ ਪੁਲਿਸ ਨੇ ਉਨ੍ਹਾਂ ਨੂੰ ਪੀਏਪੀ ਚੌਕ ਨੇੜੇ ਰੋਕ ਲਿਆ।


ਇਸ ਮਗਰੋਂ ਇਹ ਸਾਰੇ ਲੋਕ ਇਕ ਥਾਂ ਬੈਠ ਗਏ ਅਤੇ ਨਾਅਰੇਬਾਜ਼ੀ ਕਰਨ ਲੱਗੇ, ਜਿਸ ਕਾਰਨ ਲੁਧਿਆਣਾ ਤੋਂ ਜਲੰਧਰ ਸ਼ਹਿਰ ਦੇ ਅੰਦਰ ਤੱਕ ਸੜਕ ਜਾਮ ਹੋ ਗਈ।


ਇਸ ਦੌਰਾਨ ਰੋਸ ਪ੍ਰਦਰਸ਼ਨ ਕਰ ਰਹੇ ਜਤਿੰਦਰ ਮਸੀਹ ਗੌਰਵ ਨੇ ਕਿਹਾ ਕਿ ਸਾਡਾ ਰੋਸ ਸਿੱਖ ਭਾਈਚਾਰੇ ਵਿਰੁੱਧ ਨਹੀਂ ਹੈ, ਸਿਰਫ਼ ਸਿੱਖ ਜਥੇਬੰਦੀ 'ਵਾਰਿਸ ਪੰਜਾਬ ਦੇ' ਦੇ ਮੁਖੀ ਅੰਮ੍ਰਿਤਪਾਲ ਖ਼ਿਲਾਫ਼ ਹੈ, ਜਿਸ ਨੇ ਪ੍ਰਭੂ ਯਿਸੂ ਮਸੀਹ ਬਾਰੇ ਵਿਵਾਦਤ ਟਿੱਪਣੀ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਕੋਲ ਅਧੂਰਾ ਗਿਆਨ ਹੈ ਅਤੇ ਅਧੂਰਾ ਗਿਆਨ ਸਿਹਤ ਲਈ ਹਾਨੀਕਾਰਕ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਖਿਲਾਫ ਕਾਰਵਾਈ ਕੀਤੀ ਜਾਵੇ, ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਈਸਾਈ ਭਾਈਚਾਰੇ ਦੀ ਤਰਫੋਂ ਮੀਟਿੰਗ ਕਰਕੇ ਵੱਡਾ ਕਦਮ ਚੁੱਕਿਆ ਜਾਵੇਗਾ।


ਇਸ ਮੌਕੇ ਡੀਸੀਪੀ ਜਸਕਰਨਜੀਤ ਸਿੰਘ ਤੇਜਾ ਨੇ ਕਿਹਾ ਕਿ ਜਦੋਂ ਅਜਿਹੇ ਵੱਡੇ ਧਰਨੇ ਹੁੰਦੇ ਹਨ ਤਾਂ ਵਿਚਕਾਰਲੇ ਕੁਝ ਲੋਕ ਮਾਮਲੇ ਨੂੰ ਭੜਕਾਉਣ ਦੀ ਕੋਸ਼ਿਸ਼ ਕਰਦੇ ਹਨ। ਉਕਤ ਲੋਕਾਂ ਵੱਲੋਂ ਪੀਏਪੀ ਚੌਕ ਨੂੰ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਅਸੀਂ ਕੁਝ ਦੇਰ ਵਿੱਚ ਹੀ ਉਨ੍ਹਾਂ ਨੂੰ ਮਨਾ ਲਿਆ ਅਤੇ ਉਹ ਉਠ ਗਏ। ਉਨ੍ਹਾਂ ਕਿਹਾ ਕਿ ਅਸੀਂ ਭਰੋਸਾ ਦਿੱਤਾ ਹੈ ਕਿ ਅਸੀਂ ਉਨ੍ਹਾਂ ਦੀ ਗੱਲ ਆਪਣੇ ਉੱਚ ਅਧਿਕਾਰੀਆਂ ਨਾਲ ਕਰਵਾਵਾਂਗੇ ਅਤੇ ਅੱਗੇ ਜੋ ਵੀ ਹੋਵੇਗਾ ਉਸ ਦੀ ਜਾਣਕਾਰੀ ਦਿੱਤੀ ਜਾਵੇਗੀ।


 


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

ਇਹ ਵੀ ਪੜ੍ਹੋ: