Jalandhar news: ਪੰਜਾਬ ਦੇ ਪ੍ਰਵਾਸੀ ਭਾਰਤੀਆਂ ਦੇ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਿਦੇਸ਼ ਵੱਸਦੇ ਪੰਜਾਬੀਆਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਅੱਜ ਇੱਥੇ ਜਲੰਧਰ ਵਿਖੇ ਐਨਆਰਆਈ ਸਭਾ ਪੰਜਾਬ ਦੀ ਚੋਣ ਪਿੱਛੋਂ ਸਭਾ ਦੀ ਪਹਿਲੀ ਮਹਿਲਾ ਪ੍ਰਧਾਨ ਚੁਣੇ ਮੌਕੇ ਪਰਮਿੰਦਰ ਕੌਰ ਬੰਗਾ ਨੂੰ ਮੁਬਾਰਕਬਾਦ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸਭਾ ਦੀ ਸਰਗਰਮੀ ਨਾਲ ਪੰਜਾਬ ਸਰਕਾਰ ਪ੍ਰਵਾਸੀ ਭਾਰਤੀਆਂ ਨੂੰ ਦਰਪੇਸ਼ ਮਾਮਲਿਆਂ ਨੂੰ ਹੋਰ ਪੁਖਤਗੀ ਨਾਲ ਹੱਲ ਕਰ ਸਕੇਗੀ।
ਉਨਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਭਾਰਤੀਆਂ ਦੀਆਂ ਪੰਜਾਬ ਨਾਲ ਸਬੰਧਿਤ ਸਮੱਸਿਆਵਾਂ ਦੇ ਹੱਲ ਲਈ 3 ਫਰਵਰੀ ਤੋਂ ਐਨ ਆਰ ਆਈ ਮਿਲਣੀਆਂ ਕਰਵਾਉਣ ਜਾ ਰਹੀ ਹੈ। ਇਸ ਤਹਿਤ ਪਹਿਲੀ ਮਿਲਣੀ ਪਠਾਨਕੋਟ ਵਿਖੇ ਹੋਵੇਗੀ।
ਪੰਜਾਬ ਸਰਕਾਰ ਵੱਲੋਂ ਅਜਿਹੀਆਂ ਕੁੱਲ 6 ਮਿਲਣੀਆਂ ਕਰਵਾਈਆਂ ਜਾਣਗੀਆਂ ਜਿਸ ਦੌਰਾਨ ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਭਾਰਤੀਆਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ਉੱਪਰ ਹੱਲ ਕੀਤਾ ਜਾਵੇਗਾ।
ਉਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਪਿਛਲੀ ਐਨ ਆਰ ਆਈ ਮਿਲਣੀ ਦੌਰਾਨ 605 ਸ਼ਿਕਾਇਤਾਂ ਮਿਲੀਆਂ ਸਨ ਜਿਸ ਵਿੱਚੋਂ 595 ਦਾ ਹੱਲ ਕੀਤਾ ਜਾ ਚੁੱਕਾ ਹੈ।
ਅੱਜ ਇੱਥੇ ਐਨ ਆਰ ਆਈ ਸਭਾ ਲਈ ਹੋਈ ਚੋਣ ਵਿੱਚ ਉਮੀਦਵਾਰ ਪਰਮਿੰਦਰ ਕੌਰ ਬੰਗਾ ਨੂੰ 147 ਵੋਟਾਂ ਮਿਲੀਆਂ ਜਦਕਿ ਜਸਵੀਰ ਸਿੰਘ ਗਿੱਲ ਨੂੰ 14 ਵੋਟਾਂ ਮਿਲੀਆਂ ਅਤੇ 7 ਵੋਟਾਂ ਰੱਦ ਹੋਈਆਂ।
ਇਸ ਮੌਕੇ ਸੰਸਦ ਮੈਂਬਰ ਸ਼ੁਸ਼ੀਲ ਕੁਮਾਰ ਰਿੰਕੂ, ਵਿਧਾਇਕਾ ਇੰਦਰਜੀਤ ਕੌਰ ਮਾਨ , ਆਪ ਆਗੂ ਦੀਪਕ ਬਾਲੀ , ਵਧੀਕ ਡਿਪਟੀ ਕਮਿਸ਼ਨਰ ਜਨਰਲ ਅਮਿਤ ਮਹਾਜਨ , ਐਸ ਡੀ ਐਮ ਬਲਬੀਰ ਰਾਜ ਤੇ ਹੋਰ ਹਾਜ਼ਰ ਸਨ।
ਇਹ ਵੀ ਪੜ੍ਹੋ: Punjab News: ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ 17 ਹਜ਼ਾਰ ਤੋਂ ਵੱਧ ਕਿਸਾਨਾਂ ਨੂੰ 19.83 ਕਰੋੜ ਰੁਪਏ ਜਾਰੀ