Jalandhar News: ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਜਲੰਧਰ ਪੁੱਜੇ। ਕਿਸਾਨਾਂ ਨਾਲ ਗੱਲਬਾਤ ਕਰਦਿਆਂ ਟਿਕੈਤ ਨੇ ਕਿਹਾ ਕਿ  ਸਰਕਾਰਾਂ ਅਜੇ ਵੀ ਕਿਸਾਨਾਂ ਨੂੰ ਧੋਖਾ ਦੇ ਰਹੀਆਂ ਹਨ।


ਉਨ੍ਹਾਂ ਨੇ ਕਿਹਾ ਕਿ ਸਰਕਾਰ ਜਾਅਲਸਾਜ਼ ਹੈ ਅਤੇ ਬੇਈਮਾਨ ਹੈ ਜੋ ਦੇਸ਼ ਦੇ ਇਤਿਹਾਸ ਨੂੰ ਬਦਲਣਾ ਚਾਹੁੰਦੀ ਹੈ।ਸਰਕਾਰ ਸੰਯੁਕਤ ਕਿਸਾਨ ਮੋਰਚੇ ਨੂੰ ਦੋ ਫਾੜ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸਿੰਘੂ ਬਾਰਡਰ ਜਾਣ ਦਾ ਹਾਲੇ ਕੋਈ ਵੀ ਪਲਾਨ ਨਹੀਂ ਹੈ ਪਰ ਫਿਰ ਵੀ ਕਿਸਾਨ ਇੱਕ ਵੱਡੇ ਅੰਦੋਲਨ ਲਈ ਤਿਆਰ ਰਹਿਣ। ਸਮਾਂ ਆਉਣ ਤੇ ਇਸ ਦਾ ਸਥਾਨ ਵੀ ਦੱਸ ਦਿੱਤਾ ਜਾਵੇਗਾ। ਟਿਕੈਤ ਨੇ ਕਿਹਾ ਕਿ ਇਸ ਵਾਰ ਆਉਣ ਵਾਲੇ ਵੱਡੇ ਅੰਦੋਲਨ ਵਿੱਚ ਇਕੱਲੇ ਕਿਸਾਨ ਹੀ ਨਹੀਂ ਬਲਕਿ ਦੇਸ਼ ਦੇ ਨੌਜਵਾਨ ਬਜ਼ੁਰਗ ਸਭ ਹਿੱਸਾ ਲੈਣਗੇ। 


ਪਰਾਲੀ ਦਾ ਸਰਕਾਰ ਕਰੇ ਕੋਈ ਹੱਲ


ਪਰਾਲੀ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਜੇ ਸਰਕਾਰ ਪਰਾਲੀ ਦੇ ਮਸਲੇ ਨੂੰ ਹੱਲ ਕਰਨਾ ਚਾਹੁੰਦੀ ਹੈ ਤਾਂ ਆਪ ਹੀ ਕੋਈ ਐਸੀ ਤਕਨੀਕ ਕਿਸਾਨਾਂ ਨੂੰ ਦੱਸ ਦੇਵੇ ਜਿਸ ਨਾਲ ਬਿਨਾਂ ਪਰਾਲੀ ਤੋਂ ਝੋਨਾ ਹੋ ਸਕਦਾ ਹੋਵੇ। ਉਨ੍ਹਾਂ ਕਿਹਾ ਕਿ ਸਰਕਾਰ ਕੋਲ  ਵੱਡੀਆਂ ਵੱਡੀਆਂ ਖੇਤੀਬਾੜੀ ਯੂਨੀਵਰਸਿਟੀਆਂ , ਸਾਇੰਟਿਸਟ ਅਤੇ ਹੋਰ ਅਧਿਕਾਰੀ ਮੌਜੂਦ ਨੇ ਉਹ ਕੋਈ ਅਜਿਹੀ ਤਕਨੀਕ ਦੱਸਣ ਜਿਸ ਨਾਲ ਪਰਾਲੀ ਦਾ ਹੱਲ ਹੋ ਸਕੇ।


ਕਿਸਾਨਾਂ ਕੋਲ ਪਰਾਲੀ ਸਾੜੇ ਬਿਨਾਂ ਨਹੀਂ ਕੋਈ ਹੱਲ


ਉੱਧਰ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਨੇ ਵੀ ਪਰਾਲੀ ਬਾਰੇ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਨੂੰ 100 ਰੁਪਏ ਕੁਇੰਟਲ ਦੇ ਹਿਸਾਬ ਨਾਲ ਪਰਾਲੀ ਨਸ਼ਟ ਕਰਨ ਲਈ ਦੇਵੇ ਜਾਂ ਫਿਰ ਪੰਜ ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵੇ ਤਾਂ ਕਿਸਾਨ ਇਸ ਮਸਲੇ ਦਾ ਕੋਈ ਹੱਲ ਸੋਚ ਸਕਦੇ ਹਨ, ਪਰ ਜੇਕਰ ਸਰਕਾਰ ਉਨ੍ਹਾਂ ਦੀ ਮਦਦ ਨਹੀਂ ਕਰਦੀ ਤਾਂ ਕਿਸਾਨਾਂ ਕੋਲ ਪਰਾਲੀ ਸਾੜਨ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਹੈ।


ਉਨ੍ਹਾਂ ਕਿਹਾ ਕਿ ਜਦੋਂ ਇੱਕ ਕਿਸਾਨ ਪਰਾਲੀ ਸਾੜਦਾ ਹੈ ਤਾਂ ਉਹਦਾ ਅਸਰ ਸਭ ਤੋਂ ਪਹਿਲੇ ਉਸਦੇ ਪਿੰਡ ਵਿੱਚ ਉਸ ਦੇ ਪਰਿਵਾਰ ਤੇ ਹੀ ਪੈਂਦਾ ਹੈ। ਉਨ੍ਹਾਂ ਮੁਤਾਬਕ ਪਰਾਲੀ ਨੂੰ ਨਸ਼ਟ ਕਰਨ ਲਈ ਜੋ ਮਸ਼ੀਨਾਂ ਮੌਜੂਦ ਨੇ ਉਨ੍ਹਾਂ ਲਈ ਵੱਡੇ ਟਰੈਕਟਰਾਂ ਦੀ ਲੋੜ ਹੈ ਜੋ ਆਮ ਕਿਸਾਨ ਕੋਲ ਨਹੀਂ ਹੁੰਦਾ।