Jalandhar News: ਅਧਿਆਪਕ ਯੂਨੀਅਨ ਨੇ ਕਿਹਾ ਹੈ ਕਿ ਕੇਂਦਰ ਦੀ ਭਾਜਪਾ ਤੇ ਪੰਜਾਬ ਦੀ ‘ਆਪ’ ਸਰਕਾਰ ਸਿੱਖਿਆ ਨੀਤੀ 2020 ਲਾਗੂ ਕਰਕੇ ਸਰਕਾਰੀ ਸਿੱਖਿਆ ਨੂੰ ਤਬਾਹੀ ਵੱਲ ਲਿਜਾ ਰਹੀਆਂ ਹਨ। ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਨੇ ਸਕੂਲ ਆਫ਼ ਐਮੀਨੈਂਸ ਤੇ ਪੀਐਮ ਸ੍ਰੀ ਸਕੂਲਾਂ ਨੂੰ ਸਰਕਾਰੀ ਸਿੱਖਿਆ ਦਾ ਉਜਾੜਾ ਕਰਾਰ ਦਿੱਤਾ ਹੈ। 


ਅਧਿਆਪਕ ਆਗੂਆਂ ਨੇ ਮੰਗ ਕੀਤੀ ਕਿ ਵਿਭਾਗ ਅੰਦਰ ਠੇਕਾ ਆਧਾਰ ’ਤ ਕੰਮ ਕਰਦੇ ਹਰੇਕ ਕੈਟਾਗਰੀ ਦੇ ਅਧਿਆਪਕਾਂ ਨੂੰ ਵਿਭਾਗ ਵਿੱਚ ਸ਼ਾਮਲ ਕਰਕੇ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣ, ਸਿੱਖਿਆ ਨੀਤੀ 2020 ਰੱਦ ਕੀਤੀ ਜਾਵੇ, ਸਕੂਲ ਆਫ ਐਮੀਨੈਂਸ ਤੇ ਪੀਐਮ ਸ੍ਰੀ ਸਕੂਲਾਂ ਦੀ ਸਕੀਮ ਵਾਪਸ ਲਈ ਜਾਵੇ।



ਦੱਸ ਦਈਏ ਕਿ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਨੇ ਸੋਮਵਾਰ ਨੂੰ ਸ਼ਾਹਕੋਟ ਤੋਂ ਜਲੰਧਰ ਤੱਕ ਪੰਜ ਵਿਧਾਨ ਸਭਾ ਹਲਕਿਆਂ ਵਿੱਚ ਝੰਡਾ ਮਾਰਚ ਕਰਕੇ ਕੇਂਦਰ ਤੇ ਸੂਬਾ ਸਰਕਾਰਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਤੇ ਸਕੂਲ ਆਫ਼ ਐਮੀਨੈਂਸ ਤੇ ਪੀਐਮ ਸ੍ਰੀ ਸਕੂਲਾਂ ਨੂੰ ਸਰਕਾਰੀ ਸਿੱਖਿਆ ਦਾ ਉਜਾੜਾ ਕਰਾਰ ਦਿੱਤਾ। ਇਹ ਝੰਡਾ ਮਾਰਚ ਸ਼ਾਹਕੋਟ ਦੇ ਬੱਸ ਅੱਡੇ ਤੋਂ ਸ਼ੁਰੂ ਹੋ ਕੇ ਮਲਸੀਆਂ, ਕਾਂਗਣਾ, ਸਿਹਾਰੀਵਾਲ, ਗਿੱਲ, ਮੱਲੀਆਂ ਕਲਾਂ ਤੇ ਖੁਰਦ, ਤਲਵੰਡੀ ਸਲੇਮ, ਚੂਹੜ, ਉੱਗੀ, ਸਹਿਮ ਕੁੱਲੀਆਂ, ਅਵਾਣ ਖਾਲਸਾ, ਸਿੰਘਾਂ, ਕੰਗ ਸਾਹਬੂ, ਲਾਂਬੜਾਂ ਤੇ ਤਾਜਪੁਰ ਤੋਂ ਹੁੰਦਾ ਹੋਇਆ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਪੁੱਜ ਕੇ ਸਮਾਪਤ ਹੋਇਆ।


ਇਸ ਮੌਕੇ ਗੁਰੂ ਰਵਿਦਾਸ ਚੌਕ ਵਿੱਚ 4161 ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਕੀਤੇ ਗਏ ਟਰੈਫਿਕ ਜਾਮ ਦਾ ਸਮਰਥਨ ਕਰਦਿਆਂ ਡੀਟੀਐਫ ਨੇ ਉਨ੍ਹਾਂ ਦੇ ਸੰਘਰਸ਼ ਵਿੱਚ ਭਰਾਤਰੀ ਸਹਿਯੋਗ ਦੇਣ ਦਾ ਵਾਅਦਾ ਵੀ ਕੀਤਾ। ਪਿੰਡਾਂ ਵਿੱਚ ਜੁੜੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਦਿਗਵਿਜੈ ਪਾਲ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਸਰਵਨ ਸਿੰਘ ਔਜਲਾ, ਮੀਤ ਪ੍ਰਧਾਨ ਸੁਖਵਿੰਦਰ ਸੁੱਖੀ, ਜਨਰਲ ਸਕੱਤਰ ਬਲਬੀਰ ਲੌਂਗੋਵਾਲ, ਪ੍ਰੈੱਸ ਸਕੱਤਰ ਗੁਰਮੀਤ ਸਿੰਘ ਕੋਟਲੀ, ਵਿੱਤ ਸਕੱਤਰ ਜਸਵਿੰਦਰ ਸਿੰਘ, ਦਲਜੀਤ ਸਿੰਘ ਸਮਰਾਲਾ, ਰੇਸ਼ਮ ਸਿੰਘ ਬਠਿੰਡਾ, ਦਾਤਾ ਸਿੰਘ ਮਨੋਲ ਤੇ ਲਖਵੀਰ ਸਿੰਘ ਹਰੀਕੇ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਤੇ ਪੰਜਾਬ ਦੀ ‘ਆਪ’ ਸਰਕਾਰ ਸਿੱਖਿਆ ਨੀਤੀ 2020 ਲਾਗੂ ਕਰ ਕੇ ਸਰਕਾਰੀ ਸਿੱਖਿਆ ਨੂੰ ਤਬਾਹੀ ਵੱਲ ਲਿਜਾ ਰਹੀਆਂ ਹਨ। 



ਇਸ ਮੌਕੇ ਆਗੂਆਂ ਨੇ ਸਰਕਾਰੀ ਸਿੱਖਿਆ ਨੂੰ ਬਚਾਉਣ ਲਈ ਵਿਸ਼ਾਲ ਅਧਿਆਪਕ ਏਕਤਾ ਉਸਾਰਨ ਅਤੇ ਸਾਂਝੇ ਸੰਘਰਸ਼ ਵਿੱਢਣ ਦਾ ਸੱਦਾ ਦਿੱਤਾ। ਝੰਡਾ ਮਾਰਚ ਦੌਰਾਨ ਸੂਬਾਈ ਆਗੂ ਚਾਰ ਛੋਟੇ ਹਾਥੀਆਂ ਵਿੱਚ ਸਵਾਰ ਸਨ, ਜਿਨ੍ਹਾਂ ਉੱਪਰ ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਦੀਆਂ ਫਲੈਕਸਾਂ ਲਗਾਈਆਂ ਹੋਈਆਂ ਸਨ।