Nawanshahr - ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਵਰ੍ਹੇਗੰਢ ‘ਤੇ ਖਟਕੜ ਕਲਾਂ ਵਿਖੇ 28 ਤੋਂ 30 ਸਤੰਬਰ ਤੱਕ ਤਿੰਨ ਦਿਨਾਂ ਦੇ ਕਰਵਾਏ ਜਾਣ ਵਾਲੇ ਇੰਨਕਲਾਬ ਫੈਸਟੀਵਲ ਸਬੰਧੀ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਹਰ ਸਾਲ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਖਟਕੜ ਕਲਾਂ ਵਿਖੇ ਮਨਾਇਆ ਜਾਂਦਾ ਹੈ।


 ਇਸ ਵਾਰ ਸਰਕਾਰ ਵੱਲੋ ਇਸ ਦਿਹਾੜੇ ਨੂੰ ਇੱਕ ਮੇਲੇ ਦੇ ਰੂਪ ਵਿੱਚ ਮਨਾਉਣ ਦੇ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ 28 ਤੋਂ 30 ਸਤੰਬਰ ਤੱਕ ਜਿੱਥੇ ਵਿਸ਼ੇਸ਼ ਪ੍ਰੋਗਰਾਮ ਉਲੀਕੇ ਜਾਣਗੇ ਉਥੇ ਪੂਰਾ ਹਫ਼ਤਾ ਜਨਮ ਵਰ੍ਹੇਗੰਢ ਮਨਾਉਣ ਦੇ ਲਈ ਸਾਰਿਆਂ ਦੇ ਵੱਲੋਂ ਸਹਿਯੋਗ ਦਿੱਤਾ ਜਾਵੇ। ਉਨ੍ਹਾਂ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਇਸ ਦੌਰਾਨ ਸਾਰੇ ਵਿਭਾਗ ਆਪਣੇ-ਆਪਣੇ ਵਿਸ਼ੇ ਨਾਲ ਸਬੰਧਿਤ ਵਿਸ਼ੇਸ਼ ਸਟਾਲ ਮੇਲੇ ਦੇ ਵਿੱਚ ਲਗਾਉਣ।


 ਸਿਹਤ ਵਿਭਾਗ ਦੇ ਅਧਿਕਾਰੀ ਸਿਹਤ ਸੰਭਾਲ ਸਬੰਧੀ ਮਹੱਤਵਪੂਰਨ ਜਾਣਕਾਰੀ ਵਿਸ਼ੇਸ਼ ਸਟਾਲ ਲਗਾ ਕੇ ਮੁਹਈਆ ਕਰਵਾ ਸਕਦੇ ਹਨ। ਇਸੇ ਤਰ੍ਹਾਂ ਮਾਰਕਫੈਡ ਵਿਭਾਗ ਵੱਲੋਂ ਆਪਣੇ ਪ੍ਰੋਡਕਟ, ਬਾਗਬਾਨੀ ਵਿਭਾਗ ਵੱਲੋਂ ਪੈਦਾਵਾਰ ਅਤੇ ਸੰਭਾਲ ਸਬੰਧੀ ਜਾਣਕਾਰੀ, ਖੇਡ ਵਿਭਾਗ ਵੱਲੋਂ ਖੇਡਾਂ, ਭਾਸ਼ਾ ਅਤੇ ਸਾਹਿਤਕ ਵਿਭਾਗ ਵੱਲੋਂ ਕਿਤਾਬਾਂ ਅਤੇ ਹੋਰ ਨਾਟਕ ਮੰਚ ਕਲਾਕਾਰਾਂ, ਪੁਲਿਸ ਵਿਭਾਗ ਵੱਲੋਂ ਸੁਰੱਖਿਆ ਅਤੇ ਟਰੈਫਿਕ ਨਿਯਮਾਂ ਤੋਂ ਇਲਾਵਾ ਖਾਣ-ਪੀਣ ਦੀਆਂ ਚੀਜ਼ਾਂ ਸਬੰਧੀ ਆਪਣੇ ਆਪਣੇ ਸਟਾਲ ਲਗਾ ਸਕਦੇ ਹਨ।


ਉਨ੍ਹਾਂ ਨੇ ਕਿਹਾ ਕਿ ਇਸ ਦਿਨ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਵਲੋਂ ਜਿੱਥੇ ਸਭਿਆਚਾਰਕ ਪ੍ਰੋਗਰਾਮ ਕਰਵਾਏ ਜਾਣਗੇ ਉਥੇ ਲੋਕਲ ਕਲਾਕਾਰਾਂ ਨੂੰ ਵੀ ਗੀਤਾ ਅਤੇ ਨਾਟਕ ਰਾਹੀਂ ਆਪਣੀ ਕਲਾ ਦਿਖਾਉਣ ਦੇ ਮੌਕੇ ਦਿੱਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਮੇਲੇ ਨੂੰ ਹੋਰ ਵੀ ਆਕਰਸ਼ਕ ਬਣਾਉਣ ਦੇ ਲਈ ਪੰਜਾਬੀ ਸੱਭਿਆਚਾਰ ਨਾਲ ਜੁੜੇ ਪ੍ਰਸਿੱਧ ਕਲਾਕਾਰਾਂ ਦੇ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ।


ਉਨ੍ਹਾਂ ਨੇ ਕਿਹਾ ਕਿ ਇਸ ਇੰਕਲਾਬ ਫੈਸਟੀਵਲ ਦੇ ਦੌਰਾਨ ਜਿੱਥੇ ਸਰਕਾਰੀ ਵਿਭਾਗ ਵੱਲੋਂ ਆਪਣੇ-ਆਪਣੇ ਵਿਭਾਗ ਦੇ ਨਾਲ ਸਬੰਧਤ ਸਟਾਲ ਲਗਾਏ ਜਾਣਗੇ ਉੱਥੇ ਪ੍ਰਾਈਵੇਟ ਅਦਾਰੇ ਵੀ ਆਪਣੇ-ਆਪਣੇ ਖੇਤਰ ਨਾਲ ਸਬੰਧਿਤ ਸਟਾਲ ਲਗਾ ਸਕਦੇ ਹਨ। ਇਹ ਸਟਾਲ ਲਗਾਉਣ ਦੇ ਲਈ ਡਿਸਟ੍ਰਿਕ ਡਿਵੈਲਪਮੈਂਟ ਫੈਲੋ ਸੰਜਨਾ ਸਲਸੇਨਾ ਅਤੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਦੂਸਰੀ ਮੰਜ਼ਿਲ ਦੇ ਕਮਰਾ ਨੰਬਰ 209 ਵਿਖੇ ਵਧੇਰੀ ਜਾਣਕਾਰੀ ਲਈ ਸੰਪਰਕ ਕੀਤਾ ਜਾ ਸਕਦਾ ਹੈ।


ਉਨ੍ਹਾਂ ਨੇ ਦੱਸਿਆ ਇਸ ਦੌਰਾਨ ਹੈਰੀਟੇਜ਼ ਸਟ੍ਰੀਟ ਦਾ ਵੀ ਨੀਂਹ ਪੱਥਰ ਰੱਖਿਆ ਜਾਵੇਗਾ। ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਵਲੋਂ ਜਿਥੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਜਾਣਗੇ, ਉਥੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਨਾਲ ਸਬੰਧਤ ਕਵਿਤਾ ਗਾਇਨ ਅਤੇ ਲੇਖਣ ਸਬੰਧੀ ਮੁਕਾਬਲੇ ਵੀ ਕਰਵਾਏ ਜਾਣਗੇ।